ਅਡਾਨੀ ਮਾਮਲੇ ’ਚ ਰਾਹਤ: ਹਾਈ ਕੋਰਟ ਨੇ ਕਿਹਾ ; ਹੁਣ ਨਹੀਂ ਹਟਾਈ ਜਾਵੇਗੀ ਸਮੱਗਰੀ
ਦਿੱਲੀ ਹਾਈ ਕੋਰਟ ਨੇ ਅਡਾਨੀ ਗਰੁੱਪ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪੋਸਟਾਂ ਨੂੰ ਹਟਾਉਣ ਦੇ ਮਾਮਲੇ ’ਚ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਅਤੇ ਡਿਜੀਟਲ ਨਿਊਜ਼ ਪਲੇਟਫ਼ਾਰਮ ਨਿਊਜ਼ਲੌਂਡਰੀ ਨੂੰ ਲੈ ਕੇ ‘Status quo ’ ਦਾ ਹੁਕਮ ਦਿੱਤਾ, ਜਿਸ ਤਹਿਤ ਕੋਈ ਵੀ ਸਮੱਗਰੀ ਨਹੀਂ ਹਟਾਈ ਜਾਵੇਗੀ।
ਜਸਟਿਸ ਸਚਿਨ ਦੱਤਾ ਨੇ ਅਡਾਨੀ ਐੱਨਟਰਪਰਾਈਜ਼ਜ਼ ਦੇ ਵਕੀਲ ਦੀ ਗੱਲ ਮੰਨਦੇ ਹੋਏ ਕਿਹਾ ਕਿ ਅਡਾਨੀ ਧਿਰ ਵੱਲੋਂ ਹੁਣ ਕਿਸੇ ਵੀ ਹੋਰ ਪੋਸਟ ਜਾਂ ਸਮੱਗਰੀ ਨੂੰ ਹਟਾਉਣ ਦੀ ਮੰਗ ਨਹੀਂ ਕੀਤੀ ਜਾਵੇਗੀ।
ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਜੇਕਰ ਪਹਿਲਾਂ ਕੋਈ ਵੀ ਪੋਸਟ ਹਟਾਈ ਗਈ ਹੈ ਤਾਂ ਉਸਨੂੰ ਮੁੜ ਅੱਪਲੋਡ ਨਹੀਂ ਕੀਤਾ ਜਾਵੇਗਾ।
ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਪੋਸਟ ਹਟਾਉਣ ਦਾ ਹੁਕਮ ਸਿਵਲ ਕੋਰਟ ਦੇ ਪੁਰਾਣੇ ਫ਼ੈਸਲੇ ਦੇ ਅਧਾਰ ’ਤੇ ਦਿੱਤਾ ਗਿਆ ਸੀ ਪਰ ਅਦਾਲਤ ਨੇ ਹੁਣ ਉਸਨੂੰ ਰੋਕ ਦਿੱਤਾ ਹੈ।
ਜਸਟਿਸ ਦੱਤਾ ਨੇ ਕਿਹਾ ਕਿ ਹੁਣ ਸਰਕਾਰ ਪੱਤਰਕਾਰਾਂ ਨੂੰ ਸੂਚਨਾ ਦੇਵੇਗੀ ਕਿ ਪੁਰਾਣੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਹੈ। ਅਦਾਲਤ ਨੇ ਰਵੀਸ਼ ਕੁਮਾਰ ਅਤੇ ਨਿਊਜ਼ਲੌਂਡਰੀ ਦੁਆਰਾ ਦਾਇਰ ਪਟੀਸ਼ਨਾਂ ਦਾ ਨਿਪਟਾਰਾ ਕਰ ਦਿੱਤਾ।