ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਵਿੱਚ ਭਰਵੇਂ ਮੀਂਹ ਮਗਰੋਂ ਹੁੰਮਸ ਤੋਂ ਮਿਲੀ ਰਾਹਤ

ਕਈ ਖੇਤਰਾਂ ਵਿੱਚ ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਹੋਈ ਪ੍ਰਭਾਵਿਤ
ਨਵੀਂ ਦਿੱਲੀ ਵਿੱਚ ਇੰਡੀਆ ਗੇਟ ’ਤੇ ਛਾਏ ਕਾਲੇ ਬੱਦਲ ਅਤੇ ਘੁੰਮਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ/ਪੀਟੀਆਈ

ਨਵੀਂ ਦਿੱਲੀ, ਜੁਲਾਈ

Advertisement

ਦਿੱਲੀ-ਐੱਨਸੀਆਰ ਦੇ ਕਈ ਖੇਤਰਾਂ ‘ਚ ਅੱਜ ਸਵੇਰੇ ਪਏ ਭਰਵੇਂ ਮੀਹ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਸੜਕਾਂ ’ਤੇ ਪਾਣੀ ਭਰਨ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਮੀਂਹ ਕਾਰਨ ਆਈਟੀਓ ਸਮੇਤ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਰਾਹਗੀਰ ਜਾਮ ਵਿੱਚ ਫਸੇ ਰਹੇ। ਇਸੇ ਤਰ੍ਹਾਂ ਗ੍ਰੇਟਰ ਨੋਇਡਾ ‘ਚ ਮੀਂਹ ਕਾਰਨ ਸਕੂਲ ਬੰਦ ਕਰਨੇ ਪਏ। ਗੌਤਮ ਬੁੱਧ ਨਗਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੇ ਮੱਦੇਨਜ਼ਰ ਮੈਜਿਸਟਰੇਟ ਮਨੀਸ਼ ਕੁਮਾਰ ਵਰਮਾ ਦੇ ਨਿਰਦੇਸ਼ਾਂ ‘ਤੇ ਬੁੱਧਵਾਰ ਨੂੰ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ। ਕਾਬਿਲਗੌਰ ਹੈ ਕਿ ਮੀਂਹ ਕਾਰਨ ਘੱਟੋ-ਘੱਟ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।

ਪਿਛਲੇ ਕੁਝ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦੇ ਕਰੀਬ ਪੁੱਜਣ ’ਤੇ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਸੀ। ਹੁਣ ਲੋਕਾਂ ਨੂੰ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਿਨ ਦੌਰਾਨ ਦਰਮਿਆਨੇ ਮੀਂਹ ਦਾ ‘ਆਰੇਂਜ ਅਲਰਟ’ ਜਾਰੀ ਕੀਤਾ ਹੈ, ਜਦੋਂ ਕਿ ਵੀਰਵਾਰ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਆਈਐਮਡੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਦੀ ਮੁੱਖ ਆਬਜ਼ਰਵੇਟਰੀ ਸਫਦਰਜੰਗ ਵਿੱਚ ਬੁੱਧਵਾਰ ਸਵੇਰੇ 8.30 ਵਜੇ ਤੱਕ 24 ਘੰਟਿਆਂ ਵਿੱਚ 37.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਲੋਧੀ ਰੋਡ ‘ਤੇ 35.1 ਮਿਲੀਮੀਟਰ, ਅਯਾਨਗਰ ‘ਚ 26, ਮੁੰਗੇਸ਼ਪੁਰ ‘ਚ 53.5 ਅਤੇ ਮਯੂਰ ਵਿਹਾਰ ਦੇ ਮੌਸਮ ਕੇਂਦਰ ‘ਤੇ 110.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। 15 ਮਿਲੀਮੀਟਰ ਤੋਂ ਘੱਟ ਵਰਖਾ ਨੂੰ ‘ਹਲਕੀ’, 15 ਤੋਂ 64.5 ਮਿਲੀਮੀਟਰ ‘ਦਰਮਿਆਨੀ’, 64.5 ਤੋਂ 115.5 ਮਿਲੀਮੀਟਰ ‘ਭਾਰੀ’, 115.6 ਤੋਂ 204.4 ਮਿਲੀਮੀਟਰ ‘ਬਹੁਤ ਭਾਰੀ’ ਅਤੇ 204.4 ਮਿਲੀਮੀਟਰ ਤੋਂ ਉੱਪਰ ‘ਬਹੁਤ ਭਾਰੀ’ ਮੰਨਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਪੂਰਬੀ ਦਿੱਲੀ, ਨੋਇਡਾ, ਫਰੀਦਾਬਾਦ ਤੇ ਗਾਜ਼ੀਆਬਾਦ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਇਸ ਸਮੇਂ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 34 ਤੇ 25 ਦੇ ਕਰੀਬ ਸੀ। ਗੁਰੂਗ੍ਰਾਮ ਵਿੱਚ ਅਗਲੇ ਦੋ ਦਿਨਾਂ ਤੱਕ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ 29 ਜੁਲਾਈ ਤੱਕ ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, ਗੁਰੂਗ੍ਰਾਮ ਵਿੱਚ ਮੀਂਹ, ਗਰਜ਼-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ।

ਯਮੁਨਾ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਐਨਸੀਆਰ ਵਿੱਚ ਪਏ ਮੀਂਹ ਕਾਰਨ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਗਿਆ। ਕੇਂਦਰੀ ਜਲ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅੱਜ ਸਵੇਰੇ ਪੁਰਾਣੇ ਰੇਲਵੇ ਪੁਲ ‘ਤੇ ਪਾਣੀ ਦਾ ਪੱਧਰ 205.09 ਮੀਟਰ ’ਤੇ ਸੀ, ਜੋ ਦੁਪਹਿਰ 3 ਵਜੇ 205.35 ’ਤੇ ਪੁੱਜ ਗਿਆ। ਜ਼ਿਕਰਯੋਗ ਹੈ ਕਿ ਖਤਰੇ ਦਾ ਨਿਸ਼ਾਨ 205.33 ਮੀਟਰ ‘ਤੇ ਹੈ ਤੇ ਹੁਣ ਯਮੁਨਾ 205.35 ’ਤੇ ਵਗ ਰਹੀ ਹੈ। ਦੂਜੇ ਪਾਸੇ ਹਿੰਡਨ ਨਦੀ ਵਿੱਚ ਪਾਣੀ ਵਧਣ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ।

Advertisement
Tags :
delhidelhi newsweather
Show comments