ਦਿੱਲੀ-ਐੱਨਸੀਆਰ ਵਿੱਚ ਹਲਕੇ ਮੀਂਹ ਨਾਲ ਗਰਮੀ ਤੋਂ ਰਾਹਤ
ਨਵੀਂ ਦਿੱਲੀ: ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਅੱਜ ਹਲਕੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਦਿੱਲੀ, ਫਰੀਦਾਬਾਦ, ਨੋਇਡਾ ਤੇ ਗਾਜ਼ੀਆਬਾਦ ’ਚ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸਵੇਰੇ 8.30 ਵਜੇ ਰਿਕਾਰਡ ਕੀਤੀ ਗਈ ਨਮੀ 76 ਪ੍ਰਤੀਸ਼ਤ ਰਹੀ। ਦਿੱਲੀ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ ਅਤੇ ਇਸ ਸਾਲ ਹੁਣ ਤੱਕ ਵਰਖਾ ਪਹਿਲਾਂ ਹੀ 774 ਮਿਲੀਮੀਟਰ ਦੇ ਸਾਲਾਨਾ ਅੰਕੜੇ ਦੇ ਬਰਾਬਰ ਹੋ ਗਈ ਹੈ। ਹਾਲਾਂਕਿ ਅਗਸਤ ਵਿੱਚ ਮੀਂਹ ’ਚਘਾਟ ਦਰਜ ਕੀਤੀ ਗਈ ਹੈ ਤੇ ਇਸ ਮਹੀਨੇ ਕੁੱਲ ਬਾਰਿਸ਼ ਆਮ ਨਾਲੋਂ 85 ਪ੍ਰਤੀਸ਼ਤ ਘੱਟ ਹੈ। ਫਰੀਦਾਬਾਦ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ ਵਾਰ ਮੌਨਸੂਨ ਦੌਰਾਨ ਜੁਲਾਈ ਵਿੱਚ ਖਾਸਾ ਮੀਂਹ ਪਿਆ ਸੀ। ਨੋਇਡਾ, ਗਾਜ਼ੀਆਬਾਦ ਵਿੱਚ ਵੀ ਹਲਕੀ ਬਾਰਿਸ਼ ਹੋਈ। ਇਹ ਬਾਰਿਸ਼ ਪੂਰੀ ਦਿੱਲੀ ਵਿੱਚ ਨਹੀਂ ਹੋਈ। ਗੁਰੂਗ੍ਰਾਮ ਵਿੱਚ ਵੀ ਹਲਕੀ ਬਾਰਿਸ਼ ਹੋਈ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਸੀ। ਘੱਟੋ-ਘੱਟ ਤਾਪਮਾਨ 26 ਡਿਗਰੀ ਤੱਕ ਸੀ। ਸ਼ਹਿਰ ਦੇ ਪ੍ਰਾਇਮਰੀ ਮੌਸਮ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਦਾ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 24 ਤੋਂ 27 ਅਗਸਤ ਤੱਕ ਮੌਸਮ ਖੁਸ਼ਕ ਰਹੇਗਾ। -ਪੱਤਰ ਪ੍ਰੇਰਕ