ਰੇਖਾ ਗੁਪਤਾ ਨੇ ਵਿਸ਼ਵਕਰਮਾ ਪੂਜਾ ’ਚ ਹਿੱਸਾ ਲਿਆ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਿਵਲ ਲਾਈਨਜ਼ ਵਿੱਚ ਕਰਵਾਏ ਗਏ ਵਿਸ਼ਵਕਰਮਾ ਪੂਜਾ ਮਹਾਉਤਸਵ ਵਿੱਚ ਹਿੱਸਾ ਲਿਆ। ਇਸ ਦੌਰਾਨ, ਉਨ੍ਹਾਂ ਨੇ ਮਹਿਲਾ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਉਨ੍ਹਾਂ ਦੇ ਕੰਮ ਬਾਰੇ ਵੀ ਗੱਲ ਕੀਤੀ।
ਦਿੱਲੀ ਦੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉੱਤਰੀ ਦਿੱਲੀ ਮੈਟਰੋ ਮਾਲ ਵਿਖੇ ਵਿਸ਼ਵਕਰਮਾ ਪੂਜਾ ਤਿਉਹਾਰ ’ਤੇ ਵਿਸ਼ਵਕਰਮਾ ਭਰਾਵਾਂ ਅਤੇ ਭੈਣਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਦੀ ਮਿਹਨਤ ਅਤੇ ਹੁਨਰ ਦਿੱਲੀ ਅਤੇ ਦੇਸ਼ ਦੀ ਧੜਕਣ ਹੈ। ਇੱਥੇ ਮਹਿਲਾ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਹੀ ਕੱਲ੍ਹ ਦੇ ਭਵਿੱਖ ਨੂੰ ਆਕਾਰ ਦਿੰਦੇ ਹੋ, ਸੁਪਨਿਆਂ ਦਾ ਭਾਰਤ ਤੁਹਾਡੀ ਮਿਹਨਤ ਨਾਲ ਬਣਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਇਨ੍ਹਾਂ ਵਰਕਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਭਾਵੇਂ ਉਹ ਸਮਾਨਤਾ ਅਤੇ ਘੱਟੋ-ਘੱਟ ਉਜਰਤ ਵਿੱਚ ਵਾਧਾ ਹੋਵੇ, ਸਥਾਈ ਘਰ ਦਾ ਸੁਪਨਾ ਹੋਵੇ, ਬੱਚਿਆਂ ਲਈ ਸਹਾਇਤਾ ਹੋਵੇ ਜਾਂ ਬਿਮਾਰੀ ਦੌਰਾਨ ਮੁਫ਼ਤ ਇਲਾਜ ਦੀ ਗਰੰਟੀ ਹੋਵੇ, ਹਰ ਕਦਮ ਇਨ੍ਹਾਂ ਵਰਕਰਾਂ ਦੇ ਜੀਵਨ ਨੂੰ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿੱਚ ਹੈ। ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰ ਕੇ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਹਰ ਮਜ਼ਦੂਰ ਦੇ ਪਰਿਵਾਰ ਨੂੰ ਹੁਣ 10 ਲੱਖ ਤੱਕ ਦਾ ਮੁਫ਼ਤ ਇਲਾਜ ਮਿਲੇ। ਜ਼ਿਕਰਯੋਗ ਹੈ ਕਿ ਦਿੱਲੀ-ਐੱਨ.ਸੀ.ਆਰ. ਵਿੱਚ ਵਿਸ਼ਵਕਰਮਾ ਪੂਜਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਵਿਸ਼ਵਕਰਮਾ ਪੂਜਾ ਮਹਾਉਤਸਵ 17 ਸਤੰਬਰ ਨੂੰ ਦੇਸ਼ ਭਰ ਵਿੱਚ ਉਤਸ਼ਾਹ ਨਾਲ ਮਨਾਇਆ ਜਾਵੇਗਾ। ਦਿੱਲੀ ਵਿੱਚ ਕਈ ਵਿਸ਼ਵਕਰਮਾ ਮੰਦਰ ਬਣੇ ਹੋਏ ਹਨ ਜਿੱਥੇ ਵਿਸ਼ਵਕਰਮਾ ਪੂਜਾ ਕੀਤੀ ਜਾਂਦੀ ਹੈ। ਅੱਜ-ਕਲ੍ਹ ਸ਼ਰਾਧ ਚੱਲ ਰਹੇ ਹਨ ਅਤੇ ਇਸੇ ਦੌਰਾਨ ਇਹ ਪੂਜਾ ਕੀਤੀ ਜਾਂਦੀ ਹੈ। ਦਿੱਲੀ ਭਾਜਪਾ ਵੱਲੋਂ ਦੋਸ਼ ਲਾਇਆ ਜਾਂਦਾ ਹੈ ਕਿ ਪਿਛਲੀ ਕੇਜਰੀਵਾਲ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਨੂੰ ਦਿੱਲੀ ਵਿੱਚ ਲਾਗੂ ਕਰਨ ਪ੍ਰਤੀ ਢਿੱਲ ਦਿਖਾਈ ਗਈ ਜਿਸ ਕਰ ਕੇ ਲੱਖਾਂ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭ ਤੋਂ ਵਾਂਝਿਆਂ ਰੱਖਿਆ ਗਿਆ। ਭਾਜਪਾ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਅਤੇ ਆਤਸ਼ੀ ਦੀ ਦਿੱਲੀ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ ਦਾ ਨੁਕਸਾਨ ਕੀਤਾ ਅਤੇ ਆਯੁਸ਼ਮਾਨ ਭਾਰਤ ਯੋਜਨਾ ਲਾਗੂ ਨਾ ਕਰਨ ਵਿੱਚ ਦਿਲਚਸਪੀ ਦਿਖਾਈ।