ਰੇਖਾ ਗੁਪਤਾ ਨੇ ਸਖ਼ਤ ਸੁਰੱਖਿਆ ਹੇਠ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਆਪਣੇ ਕੈਂਪ ਦਫ਼ਤਰ ਵਿੱਚ ਜਨ ਸੁਣਵਾਈ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਦਰਾਂ ਕੁ ਦਿਨ ਪਹਿਲਾਂ ਜਨ ਸੁਣਵਾਈ ਸਮਾਗਮ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ। ਅੱਜ ਸਵੇਰੇ ਸ਼ੁਰੂ ਹੋਏ ਇਸ ਕੈਂਪ ਦੌਰਾਨ ਰਾਜਧਾਨੀ ਦੇ ਵੱਖ-ਵੱਖ ਖੇਤਰਾਂ ਤੋਂ ਆਏ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਮੁੱਖ ਮੰਤਰੀ ਨੂੰ ਇਨ੍ਹਾਂ ਦਾ ਹੱਲ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਸ੍ਰੀਮਤੀ ਗੁਪਤਾ ਕੁਰਸੀ ’ਤੇ ਬੈਠੇ ਹੋਏ ਸਨ, ਜਦੋਂਕਿ ਲੋਕ ਉਨ੍ਹਾਂ ਦੇ ਸਾਹਮਣੇ ਆ ਕੇ ਇੱਕ-ਇੱਕ ਕਰਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਮੇਜ਼ ’ਤੇ ਲਗਾਏ ਮਾਈਕਰੋਫੋਨ ਰਾਹੀਂ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਘਰ ਵਿੱਚ ਸਹਿ ਕੈਂਪ ਦਫ਼ਤਰ ਵਿੱਚ ਜਨ ਸੁਣਵਾਈ ਲਈ ਇਕੱਠੇ ਹੋਏ ਲੋਕਾਂ ਵਿੱਚ ਚਲੇ ਜਾਂਦੀ ਸੀ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਾਂ ਕਰਦੀ ਰਹਿੰਦੀ ਸੀ। ਅੱਜ ਮੁੱਖ ਮੰਤਰੀ ਦੇ ਜਨ ਸੁਣਵਾਈ ਪ੍ਰੋਗਰਾਮ ਦੌਰਾਨ ਮਹਿਲਾਂ ਸੁਰੱਖਿਆ ਕਰਮੀਆਂ ਸਣੇ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਸੀ। ਅਜਿਹਾ ਕਿਸੇ ਵੀ ਘਟਨਾ ਦੇ ਰੋਕਣ ਦੇ ਮੱਦੇਨਜ਼ਰ ਕੀਤਾ ਗਿਆ ਸੀ। ਇਸ ਦੌਰਾਨ ਮੈਟਲ ਡਿਟੇਕਟਰ ਨਾਲ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਮੌਕੇ ਸੀਸੀਟੀਵੀ ਕੈਮਰਿਆਂ ਰਾਹੀਂ ਸਾਰੇ ਸਮਾਗਮ ਦੌਰਾਨ ਲੋਕਾਂ ’ਤੇ ਨਿਗ੍ਹਾ ਰੱਖੀ ਜਾ ਰਹੀ ਸੀ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਕਸ ’ਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੁੱਚੀ ਦਿੱਲੀ ਤੋਂ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਨਤਾ ਨਾਲ ਗੱਲਬਾਤ ਕਰਕੇ ਉਸ ਵਿੱਚ ਹਮੇਸ਼ਾ ਇੱਕ ਨਵੀਂ ਉੂਰਜਾ ਭਰ ਜਾਂਦੀ ਹੈ ਅਤੇ ਇਸ ਦੌਰਾਨ ਸੇਵਾ ਭਾਵਨਾ ਕਾਫ਼ੀ ਉਜਾਗਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਨ ਸੁਣਵਾਈ ਦੌਰਾਨ ਹਰ ਵਿਅਕਤੀ ਦੀ ਗੱਲ ਸੁਣੀ ਜਾਂਦੀ ਹੈ ਅਤੇ ਹਰ ਸੁਝਾਅ ਦਿੱਲੀ ਦੇ ਵਿਕਾਸ ਦਾ ਪ੍ਰਤੀਕ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਾਫ਼ੀ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਉਨ੍ਹਾਂ ਦੇ ਗ੍ਰਹਿ ਵਿੱਚ ਆਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੈਂਪ ਦੌਰਾਨ 165 ਵਿਅਕਤੀਆਂ ਨੇ ਮੁੱਖ ਮੰਤਰੀ ਨੂੰ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਅ ਸੌਂਪੇ। ਇਨ੍ਹਾਂ ’ਤੇ ਮੁੱਖ ਮੰਤਰੀ ਨੇ ਉਚਿਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਕਈ ਵਿਅਕਤੀਆਂ ਨੇ ਮੁੱਖ ਮੰਤਰੀ ਨੂੰ ਗੁਲਦਸਤੇ ਭੇਟ ਕਰਕੇ ਵਧਾਈ ਵੀ ਦਿੱਤੀ। -ਪੀਟੀਆਈ