ਰੇਖਾ ਗੁਪਤਾ ਵੱਲੋਂ ਡੀ ਟੀ ਸੀ ਦੀ ਬੱਸ ਨੂੰ ਹਰੀ ਝੰਡੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਯੂ.ਪੀ. ਵਿੱਚ ਦਿੱਲੀ ਅਤੇ ਬੜੌਤ ਵਿਚਕਾਰ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ‘ਡੀ ਟੀ ਸੀ’ ਅੰਤਰਰਾਜੀ ਬੱਸ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਮਹੀਨੇ ਵਿੱਚ ਅਜਿਹੀਆਂ ਹੋਰ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਸਮਾਗਮ ਵਿੱਚ ਬੋਲਦਿਆਂ ਰੇਖਾ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਤੁਲਨਾ ਭਗਵਾਨ ਹਨੂਮਾਨ ਨਾਲ ਕਰਦਿਆਂ ਕਿਹਾ ਕਿ ਕਿ ਸਾਡੇ ਸਰਕਾਰੀ ਅਧਿਕਾਰੀ ਭਗਵਾਨ ਹਨੂਮਾਨ ਵਰਗੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਕੰਮ ਕਰਨ ਵਾਲੇ ਸਾਜ਼ਗਾਰ ਹਾਲਤ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਟਰਾਂਸਪੋਰਟ ਮੰਤਰੀ ਪੰਕਜ ਕੁਮਾਰ ਸਿੰਘ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰ ਮਹੀਨੇ ਇੱਕ ਨਵੇਂ ਰਾਜ ਲਈ ਬੱਸਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ, “ਜਦੋਂ ਮੈਂ ਮੁੱਖ ਮੰਤਰੀ ਬਣੀ ਤਾਂ ਮੈਂ ਹਮੇਸ਼ਾ ਸੋਚਦੀ ਸੀ ਕਿ ਉੱਤਰਾਖੰਡ ਦੀਆਂ ਬੱਸਾਂ ਇੱਥੇ ਕਿਉਂ ਚੱਲ ਰਹੀਆਂ ਹਨ ਅਤੇ ਉੱਤਰ ਪ੍ਰਦੇਸ਼ ਦੀਆਂ ਬੱਸਾਂ ਵੀ ਦਿਖਾਈ ਦਿੰਦੀਆਂ ਹਨ। ਪਰ ਦਿੱਲੀ ਦੀਆਂ ਬੱਸਾਂ ਕਿੱਥੇ ਹਨ ਜੋ ਦੂਜੇ ਰਾਜਾਂ ਵਿੱਚ ਚੱਲ ਰਹੀਆਂ ਹਨ?” ਪਿਛਲੀ ਸਰਕਾਰ ’ਤੇ ਨਿਸ਼ਾਨੇ ਸੇਧ ਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਕੁਝ
ਨਹੀਂ ਕੀਤਾ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਦੇ ਅਧੀਨ, ਜੇਕਰ ਮਹਿਰੌਲੀ ਵਿੱਚ ਕੋਈ ਬੱਸ ਖਰਾਬ ਹੋ ਜਾਂਦੀ ਸੀ, ਤਾਂ ਉਸ ਦੀ ਮੁਰੰਮਤ ਕਰਨ ਵਾਲੇ ਕਰਮਚਾਰੀ ਨਰੇਲਾ ਤੋਂ ਆਉਂਦੇ ਸਨ, ਜਿਸ ਨਾਲ ਬੇਲੋੜੀ ਦੇਰੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਇੱਕ ਅਜਿਹਾ ਸਿਸਟਮ ਲਗਾਇਆ ਹੈ ਜਿੱਥੇ ਵਾਹਨ ਨਜ਼ਦੀਕੀ ਡਿਪੂ ਤੋਂ ਆਉਣਗੇ। ਇਸ ਨਾਲ ਸਮਾਂ, ਪੈਸਾ ਬਚੇਗਾ ਅਤੇ ਟ੍ਰੈਫਿਕ ਭੀੜ ਵੀ ਘੱਟ ਹੋਵੇਗੀ।
ਕੈਬਨਿਟ ਮੰਤਰੀ ਪੰਕਜ ਸਿੰਘ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ ਕਿ ਡੀ ਟੀ ਸੀ ਆਪਣੀ ਗੁਆਚੀ ਸ਼ਾਨ ਮੁੜ ਪ੍ਰਾਪਤ ਕਰੇ। ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (ਡੀ ਟੀ ਸੀ) ਦੀ ਨਵੀਂ ਅੰਤਰਰਾਜੀ ਏਅਰ-ਕੰਡੀਸ਼ਨਡ ਬੱਸ ਸੇਵਾ ਦਿੱਲੀ ਦੇ ਮਹਾਰਾਣਾ ਪ੍ਰਤਾਪ ਆਈ ਐੱਸ ਬੀ ਟੀ ਨੂੰ ਉੱਤਰ ਪ੍ਰਦੇਸ਼ ਦੇ ਬੜੌਤ ਨਾਲ ਜੋੜਦੀ ਹੈ, ਜਿਸ ਨਾਲ ਯਾਤਰੀਆਂ ਅਤੇ ਵਿਦਿਆਰਥੀਆਂ ਲਈ ਰੋਜ਼ਾਨਾ ਯਾਤਰਾ ਵਿਕਲਪਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਮਹਾਰਾਣਾ ਪ੍ਰਤਾਪ ਆਈ ਐੱਸ ਬੀ ਟੀ ਅਤੇ ਬੜੌਤ ਵਿਚਕਾਰ ਪੂਰੇ ਰਸਤੇ ਲਈ ਵੱਧ ਤੋਂ ਵੱਧ ਕਿਰਾਇਆ 125 ਰੁਪਏ ਤੱਕ ਸੀਮਿਤ ਹੈ।