ਰੇਖਾ ਗੁਪਤਾ ਨੇ ਮਨਾਇਆ ਓਨਮ ਦਾ ਤਿਉਹਾਰ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਨਿਵਾਸ ਸਥਾਨ ’ਤੇ ਓਨਮ ਤਿਉਹਾਰ ਮਨਾਇਆ। ਇਸ ਮੌਕੇ ਉਨ੍ਹਾਂ ਉੱਥੇ ਪੁੱਜੀਆਂ ਔਰਤਾਂ ਨਾਲ ਰਵਾਇਤੀ ਨਾਚ ਕੀਤਾ। ਓਨਮ ਕੇਰਲ ਦਾ ਇੱਕ ਮਹੱਤਵਪੂਰਨ ਦਸ ਦਿਨਾਂ ਦਾ ਤਿਉਹਾਰ ਹੈ ਜੋ ਰਾਜਾ ਮਹਾਬਲੀ ਦੀ ਵਾਪਸੀ ਅਤੇ ਕੇਰਲ ਦੀ ਸੰਸਕ੍ਰਿਤੀ ਦਾ ਪ੍ਰਤੀਕ ਹੈ। ਇਸ ਸਾਲ ਇਹ ਤਿਉਹਾਰ 26 ਅਗਸਤ ਤੋਂ ਪੰਜ ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰੇਖਾ ਗੁਪਤਾ ਨੇ ਕਿਹਾ ਕਿ ਓਨਮ ਸਦਭਾਵਨਾ, ਖੁਸ਼ਹਾਲੀ ਅਤੇ ਸ਼ੁਕਰਗੁਜ਼ਾਰੀ ਦਾ ਇੱਕ ਸਦੀਵੀ ਤਿਉਹਾਰ ਹੈ। ਇਹ ਇੱਕ ਅਜਿਹਾ ਮੌਕਾ ਹੈ ਜੋ ਦਿਲ ਨੂੰ ਖੁਸ਼ੀ ਅਤੇ ਏਕਤਾ ਦੇ ਬੰਧਨ ਵਿੱਚ ਜੋੜਦਾ ਹੈ। ਉਨ੍ਹਾਂ ਸਾਰਿਆਂ ਨੂੰ ਓਨਮ ਦੀਆਂ ਵਧਾਈਆਂ ਦਿੱਤੀਆਂ ਅਤੇ ਉਮੀਦ ਕੀਤੀ ਕਿ ਇਹ ਤਿਉਹਾਰ ਹਰ ਘਰ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀ ਲਿਆਵੇ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੇਰਲ ਦੇ ਸੱਭਿਆਚਾਰਕ ਪਹਿਰਾਵੇ ਵਿੱਚ ਸਜੇ ਕਲਾਕਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਖੁਸ਼ੀ ਸਾਂਝੀ ਕੀਤੀ। ਕਲਾਕਾਰਾਂ ਨੇ ਵੀ ਮੁੱਖ ਮੰਤਰੀ ਨਾਲ ਤਿਉਹਾਰ ਮਨਾਉਂਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ। ਹਾਜ਼ਰ ਸ਼ਖ਼ਸੀਅਤਾਂ ਅਤੇ ਕਲਾਕਾਰਾਂ ਨੇ ਕੇਰਲ ਦੇ ਰਵਾਇਤੀ ਪਹਿਰਾਵੇ ਵਿੱਚ ਬੱਚਿਆਂ ਨਾਲ ਨਾਚ ਦਾ ਆਨੰਦ ਮਾਣਿਆ। ਆਪਣੇ ਸੰਬੋਧਨ ਵਿੱਚ ਰੇਖਾ ਗੁਪਤਾ ਨੇ ਕਿਹਾ ਕਿ ਓਨਮ ਏਕਤਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਾਰੀਆਂ ਸੱਭਿਆਚਾਰਾਂ ਦਾ ਸਤਿਕਾਰ ਸਾਡੀ ਤਾਕਤ ਹੈ। ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਓਨਮ ਦੀ ਵਧਾਈ ਦਿੱਤੀ। ਦਿੱਲੀ ਵਿੱਚ ਕੇਰਲਾ ਤੋਂ ਆਏ ਲੋਕਾਂ ਦੀ ਗਿਣਤੀ ਦਿੱਲੀ ਦੇ ਕੁਝ ਇਲਾਕਿਆਂ ਤੱਕ ਸੀਮਤ ਹੈ ਪਰ ਉਹ ਆਪਣੇ ਤਿਉਹਾਰ ਦਿੱਲੀ ਅੰਦਰ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ।