Red Fort Blast ਐੱਨਆਈਏ ਵੱਲੋਂ ਸੱਤਵਾਂ ਮੁਲਜ਼ਮ ਗ੍ਰਿਫ਼ਤਾਰ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਦਿੱਲੀ ਲਾਲ ਕਿਲਾ ਬੰਬ ਧਮਾਕੇ ਤੋਂ ਐਨ ਪਹਿਲਾਂ ਦਹਿਸ਼ਤਗਰਦ ਉਮਰ ਉਨ ਨਬੀ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਫਰੀਦਾਬਾਦ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਧੋਜ, ਫਰੀਦਾਬਾਦ (ਹਰਿਆਣਾ) ਦਾ ਸ਼ੋਇਬ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੱਤਵਾਂ ਮੁਲਜ਼ਮ ਹੈ।
ਐਨਆਈਏ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ 10 ਨਵੰਬਰ ਨੂੰ ਕੌਮੀ ਰਾਜਧਾਨੀ ਵਿੱਚ ਲਾਲ ਕਿਲ੍ਹੇ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਤੋਂ ਪਹਿਲਾਂ ਦਹਿਸ਼ਤਗਰਦ ਉਮਰ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ।
ਇਸ ਧਮਾਕੇ ਵਿੱਚ ਕਈ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਉਮਰ ਉਸ ਕਾਰ ਨੂੰ ਚਲਾ ਰਿਹਾ ਸੀ ਜੋ ਵਿਸਫੋਟਕਾਂ ਨਾਲ ਲੱਦੀ ਹੋਈ ਸੀ ਅਤੇ ਜਿਸ ਵਿੱਚ ਧਮਾਕਾ ਹੋਇਆ ਸੀ। ਐਨਆਈਏ ਨੇ ਮਾਮਲੇ ਦੀ ਜਾਂਚ ਦੌਰਾਨ ਕਾਰ ਫਿਦਾਈਨ ਉਮਰ ਦੇ ਛੇ ਹੋਰ ਮੁੱਖ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਇਸ ਤੋਂ ਪਹਿਲਾਂ 20 ਨਵੰਬਰ ਨੂੰ NIA ਨੇ ਲਾਲ ਕਿਲ੍ਹੇ ਦੇ ਬਾਹਰ ਹੋਏ ਧਮਾਕੇ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਤੱਕ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਪੁਲਵਾਮਾ (J&K) ਦੇ ਡਾ. ਮੁਜ਼ੱਮਿਲ ਸ਼ਕੀਲ ਗਨਈ, ਅਨੰਤਨਾਗ (J&K) ਦਾ ਡਾ. ਅਦੀਲ ਅਹਿਮਦ ਰਾਥਰ, ਲਖਨਊ (U.P) ਦਾ ਡਾ. ਸ਼ਾਹੀਨ ਸਈਦ ਅਤੇ ਸ਼ੋਪੀਆਂ (J&K) ਦਾ ਮੁਫਤੀ ਇਰਫਾਨ ਅਹਿਮਦ ਵਾਗੇ ਸ਼ਾਮਲ ਹਨ।
NIA ਜਾਂਚ ਮੁਤਾਬਕ ਇਨ੍ਹਾਂ ਸਾਰਿਆਂ ਨੇ ਅਤਿਵਾਦੀ ਹਮਲੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜਿਸ ਵਿੱਚ ਕਈ ਨਿਰਦੋਸ਼ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ NIA ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅਮੀਰ ਰਾਸ਼ਿਦ ਅਲੀ, ਜਿਸ ਦੇ ਨਾਮ 'ਤੇ ਧਮਾਕੇ ਵਿੱਚ ਵਰਤੀ ਗਈ ਕਾਰ ਰਜਿਸਟਰ ਸੀ ਅਤੇ ਜਾਸੀਰ ਬਿਲਾਲ ਵਾਨੀ ਉਰਫ਼ ਦਾਨਿਸ਼, ਜਿਸ ਨੇ ਘਾਤਕ ਹਮਲੇ ਵਿੱਚ ਸ਼ਾਮਲ ਅਤਿਵਾਦੀ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ। ਸਾਰੇ ਮੁਲਜ਼ਮ ਇਸ ਵੇੇਲੇ ਐਨਆਈਏ ਦੀ ਹਿਰਾਸਤ ਵਿੱਚ ਹਨ।
