Red Fort blast: ਕੋਰਟ ਨੇ ਸੱਤਵੇਂ ਮੁਲਜ਼ਮ ਸ਼ੋਇਬ ਨੂੰ 10 ਦਿਨਾ ਐੱਨਆਈਏ ਰਿਮਾਂਡ ’ਤੇ ਭੇਜਿਆ
ਦਿੱਲੀ ਕੋਰਟ ਨੇ Red Fort Blast ਮਾਮਲੇ ਵਿਚ ਗ੍ਰਿਫਤਾਰ ਸੱਤਵੇਂ ਮੁਲਜ਼ਮ ਸ਼ੋਇਬ ਵਾਸੀ ਫ਼ਰੀਦਾਬਾਦ ਨੂੰ 10 ਦਿਨਾਂ ਲਈ ਐੱਨਆਈਏ ਹਿਰਾਸਤ ਵਿਚ ਭੇਜ ਦਿੱਤਾ ਹੈ। ਸ਼ੋਇਬ ਉੱਤੇ ਧਮਾਕੇ ਨੂੰ ਅੰਜਾਮ ਦੇਣ ਵਾਲੇ ਫਿਦਾਈਨ ਉਮਰ ਉਨ ਨਬੀ ਨੂੰ ਪਨਾਹ ਦੇਣ ਦਾ ਦੋਸ਼ ਹੈ।
ਜਾਂਚ ਏਜੰਸੀ ਨੇ ਸ਼ੋਇਬ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਬੁੱਧਵਾਰ ਨੂੰ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਸੀ। ਕੌਮੀ ਜਾਂਚ ਏਜੰਸੀ (ਐਨਆਈਏ) ਦੇ ਇੱਕ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਏਜੰਸੀ ਨੇ ਹਰਿਆਣਾ ਦੇ ਫਰੀਦਾਬਾਦ ਦੇ ਧੌਜ ਦੇ ਰਹਿਣ ਵਾਲੇ ਸ਼ੋਏਬ ਨੂੰ ਦਿੱਲੀ ਅੱਤਵਾਦੀ ਬੰਬ ਧਮਾਕੇ ਤੋਂ ਪਹਿਲਾਂ ‘ਅਤਿਵਾਦੀ ਉਮਰ ਉਨ ਨਬੀ’ ਨੂੰ ਕਥਿਤ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਏਜੰਸੀ ਨੇ ਇੱਕ ਹੋਰ ਮੁੱਖ ਮੁਲਜ਼ਮ, ਆਮਿਰ ਰਾਸ਼ਿਦ ਅਲੀ ਨੂੰ ਵੀ ਕੋਰਟ ਵਿਚ ਪੇਸ਼ ਕੀਤਾ, ਜਿਸ ਦਾ 10 ਦਿਨਾ ਰਿਮਾਂਡ 27 ਨਵੰਬਰ ਨੂੰ ਖਤਮ ਹੋ ਗਿਆ ਸੀ। ਦੋਵਾਂ ਮੁਲਜ਼ਮਾਂ ਨੂੰ ਪ੍ਰਿੰਸੀਪਲ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਸ਼ੋਏਬ ਨੂੰ 10 ਦਿਨਾਂ ਦੀ ਐਨਆਈਏ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਜਾਂਚ ਏਜੰਸੀ ਨੂੰ ਆਮਿਰ ਤੋਂ ਸੱਤ ਹੋਰ ਦਿਨਾਂ ਲਈ ਪੁੱਛਗਿੱਛ ਦੀ ਇਜਾਜ਼ਤ ਦੇ ਦਿੱਤੀ। ਸ਼ੋਇਬ ਇਸ ਮਾਮਲੇ ਵਿੱਚ ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੱਤਵਾਂ ਮੁਲਜ਼ਮ ਹੈ, ਜੋ ਜੰਮੂ ਅਤੇ ਕਸ਼ਮੀਰ ਪੁਲੀਸ ਵੱਲੋਂ ਬੇਨਕਾਬ ਕੀਤੇ ਗਏ ‘ਵ੍ਹਾਈਟ-ਕਾਲਰ’ ਦਹਿਸ਼ਤੀ ਮੌਡਿਊਲ ਨਾਲ ਜੁੜਿਆ ਹੋਇਆ ਹੈ।
