ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਭਾਰੀ ਮੀਂਹ ਪਿਆ ਜਿਸ ਨਾਲ ਦਿੱਲੀ ਐੱਨਸੀਆਰ ਵਿੱਚ ਕੁਝ ਇਲਾਕੇ ਪ੍ਰਭਾਵਿਤ ਹੋਏ। ਅੱਜ ਸਵੇਰੇ ਪਏ ਤੇਜ਼ ਮੀਂਹ ਕਾਰਨ ਮੌਸਮ ਵਿਭਾਗ ਨੇ ਚਿਤਾਵਨੀ ਨੂੰ ਪੀਲੇ ਤੋਂ ਲਾਲ ਅਲਰਟ ਤੱਕ ਵਧਾ ਦਿੱਤਾ ਹੈ। ਮੀਂਹ ਕਾਰਨ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਵਾਧੂ ਮਾਤਰਾ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਆਵਾਜਾਈ
ਵਿੱਚ ਵਿਘਨ ਪਿਆ।
ਦਿੱਲੀ, ਨੋਇਡਾ, ਗੁੜਗਾਓਂ, ਫਰੀਦਾਬਾਦ ਅਤੇ ਗਾਜ਼ੀਆਬਾਦ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ, ਵਾਹਨ ਪਾਣੀ ਨਾਲ ਭਰੀਆਂ ਸੜਕਾਂ ’ਤੇ ਘੁੰਮ ਰਹੇ ਸਨ ਅਤੇ ਰਾਹਗੀਰਾਂ ਨੂੰ ਆਉਣ-ਜਾਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਭਾਰੀ ਮੀਂਹ ਪੈਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਉੱਥੇ ਥਾਂ-ਥਾਂ ਜਾਮ ਲੱਗੇ ਅਤੇ ਲੋਕ ਪ੍ਰੇਸ਼ਾਨ ਹੋਏ। ਗੋਬਿੰਦਪੁਰੀ ਇਲਾਕੇ ਵਿੱਚ ਸੜਕ ਉਪਰ ਪਾਣੀ ਭਰਨ ਕਾਰਨ ਵੱਡਾ ਜਾਮ ਲੱਗਾ।
ਭਾਰੀ ਮੀਂਹ ਪੈਣ ਨਾਲ ਕੁਦਰਤ ਦਾ ਕਹਿਰ ਵੀ ਦੇਖਣ ਨੂੰ ਮਿਲਿਆ ਜਦੋਂ ਇੱਕ ਸੌ ਸਾਲ ਤੋਂ ਵੱਧ ਪੁਰਾਣਾ ਦਰਖ਼ਤ ਕਾਲਕਾਜੀ ਇਲਾਕੇ ਵਿੱਚ ਇੱਕ ਕਾਰ ਉੱਪਰ ਡਿੱਗ ਪਿਆ।
ਆਜ਼ਾਦੀ ਦਿਵਸ ਤੋਂ ਠੀਕ ਪਹਿਲਾਂ ਮੀਂਹ ਦਾ ਇਹ ਦੌਰ ਤੇਜ਼ ਹੁੰਦਾ ਜਾ ਰਿਹਾ ਹੈ, ਜਿਸ ਨਾਲ ਆਜ਼ਾਦੀ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਸੰਭਾਵੀ ਵਿਘਨਾਂ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਮੌਸਮ ਵਿਭਾਗ ਨੇ ਭਾਰੀ ਮੀਂਹ ਲਈ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਨਾ ਸਿਰਫ਼ ਦਿੱਲੀ ਐੱਨਸੀਆਰ ਲਈ, ਸਗੋਂ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਲਈ ਵੀ ਚਿਤਾਵਨੀ ਜਾਰੀ ਕੀਤੀ ਹੈ। ਇੱਕ ਰਿਪੋਰਟ ਅਨੁਸਾਰ ਰੱਖੜੀ ‘ਤੇ ਭਾਰੀ ਮੀਂਹ ਦੌਰਾਨ 300 ਤੋਂ ਵੱਧ ਉਡਾਣਾਂ ਵਿੱਚ ਵਿਘਨ ਪਿਆ ਸੀ , ਸਫ਼ਦਰਜੰਗ ਅਤੇ ਪ੍ਰਗਤੀ ਮੈਦਾਨ ਵਰਗੇ ਖੇਤਰਾਂ ਵਿੱਚ ਕਈ ਘੰਟਿਆਂ ਦੇ ਅੰਦਰ 100 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਸੀ। ਖੇਤਰ ਵਿੱਚ ਮੀਂਹ ਪੈਣ ਕਾਰਨ 130 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ ਸੀ।
ਹਵਾਈ ਅੱਡੇ ਦਾ ਟਰਮੀਨਲ ਵੀ ਪਾਣੀ ਵਿੱਚ ਡੁੱਬਿਆ
ਭਾਰੀ ਮੀਂਹ ਕਾਰਨ ਦਿੱਲੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ ਇੱਕ ਵੀ ਪਾਣੀ ਵਿੱਚ ਡੁੱਬ ਗਿਆ, ਮੁੱਖ ਅੰਡਰਪਾਸ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਕਈ ਥਾਵਾਂ ’ਤੇ ਲੋਕ ਕਿਸ਼ਤੀਆਂ ਦਾ ਸਹਾਰਾ ਲੈ ਕੇ ਸੜਕਾਂ ਪਾਰ ਕਰਦੇ ਦਿਖਾਈ ਦਿੱਤੇ। ਨੌ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦਵਾਰਕਾ ਐਕਸਪ੍ਰੈਸਵੇਅ ਦੇ ਸਰਵਿਸ ਲੇਨ ‘ਤੇ ਪਾਣੀ ਭਰਨ ਦੀ ਜਾਣਕਾਰੀ ਵੀ ਮਿਲੀ ਹੈ। ਸੜਕਾਂ ਕਈ ਥਾਵਾਂ ਤੋਂ ਟੁੱਟ ਗਈਆਂ ਹਨ। ਲਾਜਪਤ ਨਗਰ, ਰੋਹਤਕ ਰੋਡ, ਆਨੰਦ ਪਰਬਤ, ਜਹਾਂਗੀਰਪੁਰੀ ਵਿੱਚ ਜੀਟੀਕੇ ਡਿਪੂ, ਆਦਰਸ਼ ਨਗਰ, ਰਿੰਗ ਰੋਡ ਨੇੜੇ ਪੁਰਾਣਾ ਜੀਟੀ ਰੋਡ, ਮਥੁਰਾ ਰੋਡ ’ਤੇ ਆਸ਼ਰਮ ਤੋਂ ਮੂਲਚੰਦ ਵੱਲ ਜਾਣ ਵਾਲਾ ਰਾਹ ਅਤੇ ਧੌਲਾ ਕੁਆਂ ਗੁਰੂਗ੍ਰਾਮ ਸੜਕ ਪਾਣੀ ਵਿੱਚ ਡੁੱਬ ਗਈ ਹੈ।
ਆਜ਼ਾਦੀ ਦਿਵਸ ਲਈ ਟ੍ਰੈਫਿਕ ਸਲਾਹ ਜਾਰੀ
ਕੌੌਮੀ ਰਾਜਧਾਨੀ ਸ਼ੁੱਕਰਵਾਰ ਨੂੰ ਆਜ਼ਾਦੀ ਦਿਵਸ ਦੇ ਜਸ਼ਨ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਇਸ ਸਬੰਧੀ ਦਿੱਲੀ ਪੁਲੀਸ ਨੇ ਇੱਕ ਟ੍ਰੈਫਿਕ ਸਲਾਹ ਜਾਰੀ ਕੀਤੀ ਹੈ। ਇਸ ਤਹਿਤ ਬਹੁਤ ਸਾਰੀਆਂ ਮੁੱਖ ਸੜਕਾਂ ਬੰਦ ਰਹਿਣਗੀਆਂ ਅਤੇ ਭਾਰੀ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਹੋਵੇਗੀ। ਦਿੱਲੀ ਟ੍ਰੈਫਿਕ ਪੁਲੀਸ ਨੇ ਸੁਰੱਖਿਆ ਅਤੇ ਰਸਮੀ ਪ੍ਰਬੰਧਾਂ ਲਈ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ 13 ਅਗਸਤ ਨੂੰ ਪਹਿਲਾਂ ਹੀ ਇੱਕ ਰਿਹਰਸਲ ਕੀਤੀ ਹੈ। ਰਾਹਗੀਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਾਰੀ ਕੀਤੀ ਸਲਾਹ ਦੀ ਪਾਲਣਾ ਕਰਨ ਅਤੇ ਭੀੜ ਤੋਂ ਬਚਣ ਲਈ ਦੱਸੇ ਹੋਏ ਰਸਤੇ ਚੁਣਨ।
ਦਰੱਖਤ ਡਿੱਗਣ ਕਾਰਨ ਪਿਤਾ ਦੀ ਮੌਤ, ਧੀ ਜ਼ਖ਼ਮੀ
ਸਵੇਰੇ ਪਏ ਭਾਰੀ ਮੀਂਹ ਨਾਲ ਦਿੱਲੀ ਵਿੱਚ ਕਾਲਕਾਜੀ ਸੜਕ ਦੇ ਵਿਚਕਾਰ ਇੱਕ ਵੱਡਾ ਦਰੱਖਤ ਜੜ੍ਹੋਂ ਉਖੜ ਕੇ ਵਾਹਨਾਂ ‘ਤੇ ਡਿੱਗ ਪਿਆ, ਜਿਸ ਕਾਰਨ ਇੱਕ 50 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਧੀ ਜ਼ਖਮੀ ਹੋ ਗਈ। ਦਰੱਖਤ ਡਿੱਗਣ ਦੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ। ਡਿਪਟੀ ਕਮਿਸ਼ਨਰ ਹੇਮੰਤ ਤਿਵਾੜੀ ਨੇ ਕਿਹਾ ਕਿ ਸਵੇਰੇ ਲਗਭਗ 9.50 ਵਜੇ, ਕਾਲਕਾਜੀ ਦੇ ਪਾਰਸ ਚੌਕ ਨੇੜੇ ਐੱਚਡੀਐੱਫਸੀ ਬੈਂਕ ਦੇ ਸਾਹਮਣੇ ਇੱਕ ਪੁਰਾਣਾ ਨਿੰਮ ਦਾ ਦਰੱਖਤ ਅਚਾਨਕ ਡਿੱਗ ਗਿਆ। ਮੋਟਰਸਾਈਕਲ ਸਵਾਰ ਦੋ ਲੋਕ, ਜਿਨ੍ਹਾਂ ਦੀ ਪਛਾਣ ਸੁਧੀਰ ਕੁਮਾਰ (50) ਅਤੇ ਉਸ ਦੀ ਧੀ ਪ੍ਰਿਆ (22) ਵਜੋਂ ਹੋਈ, ਜੋ ਤੁਗਲਕਾਬਾਦ ਦੇ ਰਹਿਣ ਵਾਲੇ ਹਨ, ਡਿੱਗੇ ਹੋਏ ਦਰੱਖਤ ਹੇਠਾਂ ਫਸ ਗਏ। ਦਰੱਖਤ ਡਿੱਗਣ ਨਾਲ ਸੁਧੀਰ ਦੀ ਮੌਤ ਹੋ ਗਈ ਅਤੇ ਉਸ ਦੀ ਧੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਘਟਨਾ ਵਿੱਚ ਇੱਕ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਾਰ ਮਾਲਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।