ਭਰਤੀ ਪ੍ਰੀਖਿਆ: ਅੰਮ੍ਰਿਤਧਾਰੀ ਵਿਦਿਆਰਥਣ ਦੇ ਹੱਕ ’ਚ ਕਾਨੂੰਨੀ ਲੜਾਈ ਲੜੇਗੀ ਦਿੱਲੀ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ (ਜੋਧਪੁਰ) ਦੀ ਸਿਵਲ ਜੱਜ ਦੀ ਭਰਤੀ ਪ੍ਰੀਖ਼ਿਆ ਦੌਰਾਨ ਅੰਮ੍ਰਿਤਧਾਰੀ ਲੜਕੀ ਗੁਰਪ੍ਰੀਤ ਕੌਰ ਨੂੰ ਕ੍ਰਿਪਾਨ ਅਤੇ ਕੜਾ ਪਾ ਕੇ ਕੇਂਦਰ ’ਚ ਦਾਖ਼ਲਾ ਨਾ ਦੇਣ ਨੂੰ ਭਾਰਤੀ ਸੰਵਿਧਾਨ ਦੀ ਉਲੰਘਣਾ ਅਤੇ ਸਿੱਖਾਂ ਵਿਰੁੱਧ ਨਫ਼ਰਤੀ ਵਿਤਕਰਾ ਕਰਾਰ ਦਿੱਤਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਦਿੱਲੀ ਕਮੇਟੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰੇਗੀ ਅਤੇ ਉਨ੍ਹਾਂ ਦੀ ਲੀਗਲ ਟੀਮ ਕਾਨੂੰਨੀ ਤੌਰ ’ਤੇ ਕੇਸ ਲੜ ਕੇ ਬੱਚੀ ਦਾ ਮੁੜ ਤੋਂ ਪੇਪਰ ਦਿਵਾਉਣ ਦੀ ਕੋਸ਼ਿਸ਼ ਕਰੇਗੀ। ਘਟਨਾ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਸ ਕੌਮ ਨੇ ਵੱਡੀਆਂ ਘਾਲਣਾ ਘਾਲ ਕੇ ਆਜ਼ਾਦੀ ਹਾਸਲ ਕੀਤੀ ਹੋਵੇ, ਉਸ ਕੌਮ ਦੇ ਵਾਰਸਾਂ ਨੂੰ ਇੰਨੇ ਸਾਲ ਬੀਤਣ ਮਗਰੋਂ ਵੀ ਆਪਣੀ ਪਛਾਣ ਅਤੇ ਧਾਰਮਿਕ ਚਿੰਨ੍ਹਾਂ ਬਾਰੇ ਲੋਕਾਂ ਨੂੰ ਦੱਸਣਾ ਪੈ ਰਿਹਾ ਹੈ। ਆਗੂਆਂ ਨੇ ਇਸ ਲਈ ਧਾਰਮਿਕ ਜਥੇਬੰਦੀਆਂ ਨੂੰ ਵੀ ਕਸੂਰਵਾਰ ਕਰਾਰ ਦਿੱਤਾ, ਜਿਹੜੇ ਅੱਜ ਤੱਕ ਆਪਣੇ ਧਰਮ ਅਤੇ ਧਰਮ ਦੇ ਚਿੰਨ੍ਹਾਂ ਬਾਰੇ ਦੇਸ਼ ਵਾਸੀਆਂ ਨੂੰ ਜਾਣਕਾਰੀ ਨਹੀਂ ਦੇ ਸਕੇ। ਉਨ੍ਹਾਂ ਕਿਹਾ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਕ ਅੰਮ੍ਰਿਤਧਾਰੀ ਬੱਚੀ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੜ੍ਹ-ਲਿਖ ਤੇ ਸਿੱਖ ਕੌਮ ਦੀ ਸੇਵਾ ਕਰੇਗੀ, ਇਸ ਲਈ ਸਭ ਸੰਸਥਾਵਾਂ ਨੂੰ ਆਪਣੇ ਤੌਰ ’ਤੇ ਇਸ ਬੱਚੀ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।