ਪਟਾਕਿਆਂ ਦੀ ਰਿਕਾਰਡ ਵਿਕਰੀ ਅਤੇ ਨਿਯਮਾਂ ਦੀਆਂ ਉੱਡੀਆਂ ਧੱਜੀਆਂ
ਦੀਵਾਲੀ ਮੌਕੇ ਇਸ ਸਾਲ ਪਟਾਕਿਆਂ ਦੀ ਵਿਕਰੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ। ਵਪਾਰੀਆਂ ਨੇ ਜਿੱਥੇ ਖੂਬ ਕਾਰੋਬਾਰ ਹੋਣ ਅਤੇ ਗਾਹਕਾਂ ਦੀ ਭਾਰੀ ਭੀੜ ਹੋਣ ’ਤੇ ਖੁਸ਼ੀ ਪ੍ਰਗਟਾਈ ਉੱਥੇ ਹੀ ਰਿਹਾਇਸ਼ੀ ਭਲਾਈ ਐਸੋਸੀਏਸ਼ਨਾਂ (ਆਰ ਡਬਲਿਊ ਏਜ਼) ਨੇ ਪਟਾਕੇ ਚਲਾਉਣ ਦੀ ਸਮਾਂ-ਸੀਮਾ ਦੀ ਉਲੰਘਣਾ ਅਤੇ ਵਿਗੜ ਰਹੀ ਹਵਾ ਦੀ ਗੁਣਵੱਤਾ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਚੈਂਬਰ ਆਫ ਟਰੇਡ ਐਂਡ ਇੰਡਸਟਰੀ (ਸੀ ਟੀ ਆਈ) ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਅਨੁਸਾਰ ਇਸ ਤਿਉਹਾਰੀ ਸੀਜ਼ਨ ਵਿੱਚ ਪਟਾਕਿਆਂ ਦੀ ਵੱਡੀ ਮੰਗ ਸੀ। ਉਨ੍ਹਾਂ ਕਿਹਾ, ‘ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਜ਼ਿਆਦਾਤਰ ਵਪਾਰੀਆਂ ਕੋਲ ਸਟਾਕ ਖਤਮ ਹੋ ਗਿਆ ਸੀ। ਬਹੁਤ ਸਾਰੇ ਲੋਕਾਂ ਨੂੰ ਪਟਾਕੇ ਖਰੀਦਣ ਲਈ ਗੁਰੂਗ੍ਰਾਮ, ਨੋਇਡਾ, ਫਰੀਦਾਬਾਦ, ਗਾਜ਼ੀਆਬਾਦ ਅਤੇ ਸੋਨੀਪਤ ਤੱਕ ਜਾਣਾ ਪਿਆ।’ ਉਨ੍ਹਾਂ ਅੰਦਾਜ਼ਾ ਲਗਾਇਆ ਕਿ ਦਿੱਲੀ ਵਿੱਚ ਪਟਾਕਿਆਂ ਦੀ ਕੁੱਲ ਵਿਕਰੀ ਲਗਭਗ 500 ਕਰੋੜ ਰੁਪਏ ਰਹੀ। ਆਰ ਡਬਲਿਊ ਏ ਨੇ ਕਿਹਾ ਕਿ ਇਸ ਦੀਵਾਲੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਹੋਈ। ਪੂਰਬੀ ਦਿੱਲੀ ਆਰ ਡਬਲਿਊ ਏ ਜੁਆਇੰਟ ਫਰੰਟ ਦੇ ਪ੍ਰਧਾਨ ਬੀ.ਐੱਸ. ਵੋਹਰਾ ਨੇ ਕਿਹਾ, ‘ਭਾਵੇਂ ਸਮਾਂ-ਸੀਮਾ ਰਾਤ 10 ਵਜੇ ਤੱਕ ਸੀ, ਪਰ ਕਈ ਇਲਾਕਿਆਂ ਵਿੱਚ ਦੇਰ ਰਾਤ 3 ਵਜੇ ਤੱਕ ਪਟਾਕੇ ਚਲਾਏ ਗਏ। ਇਸ ਕਾਰਨ ਕਈ ਬਜ਼ੁਰਗ ਨਾਗਰਿਕਾਂ ਅਤੇ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।’
ਯੂਨਾਈਟਿਡ ਰੈਜ਼ੀਡੈਂਟਸ ਜੁਆਇੰਟ ਐਕਸ਼ਨ (ਊਰਜਾ) ਦੇ ਪ੍ਰਧਾਨ ਅਤੁਲ ਗੋਇਲ ਨੇ ਕਿਹਾ ਕਿ ਆਰ ਡਬਲਿਊ ਏ ਨੇ ਵਾਤਾਵਰਨ-ਪੱਖੀ ਜਸ਼ਨਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਦਾ ਹੁੰਗਾਰਾ ਸੀਮਤ ਰਿਹਾ।