ਗਿਆਨੇਸ਼ ਕੁਮਾਰ ਨੂੰ ਹਲਫ਼ਨਾਮਾ ਭੇਜਣ ਲਈ ਤਿਆਰ: ਭਾਰਦਵਾਜ
ਆਮ ਆਦਮੀ ਪਾਰਟੀ ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੂੰ ਹਲਫ਼ਨਾਮੇ ਰਾਹੀਂ ਸ਼ਿਕਾਇਤਾਂ ਪ੍ਰਾਪਤ ਕਰਨ ਦਾ ਬਹੁਤ ਸ਼ੌਕ ਹੈ। ਭਾਰਦਵਾਜ ਨੇ ਕਿਹਾ ਕਿ ਗਿਆਨੇਸ਼ ਕੁਮਾਰ ਦਾ ਸ਼ੌਕ ਪੂਰਾ ਕਰਨ ਲਈ ਉਹ ਹਲਫ਼ੀਆ ਬਿਆਨ ਦੇਣ ਲਈ ਤਿਆਰ ਹਨ।
ਉਨ੍ਹਾਂ ਕਿਹਾ, “ਮੈਂ ਕੱਲ੍ਹ ਇੱਕ ਟਵੀਟ ਵਿੱਚ ਇਹ ਪਹਿਲਾਂ ਹੀ ਦੱਸ ਚੁੱਕਾ ਹਾਂ, ਅਤੇ ਮੈਂ ਅੱਜ ਦੀ ਪ੍ਰੈੱਸ ਕਾਨਫਰੰਸ ਰਾਹੀਂ ਜਨਤਕ ਤੌਰ ’ਤੇ ਇਹ ਦੱਸ ਰਿਹਾ ਹਾਂ ਕਿ ਮੈਂ ਫਰਵਰੀ 2025 ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵੋਟਰ ਸੂਚੀ ਵਿੱਚ ਹੋਈਆਂ ਬੇਨਿਯਮੀਆਂ ਬਾਰੇ ਗਿਆਨੇਸ਼ ਕੁਮਾਰ ਨੂੰ ਹਲਫ਼ਨਾਮੇ ਰਾਹੀਂ ਆਪਣੀ ਸ਼ਿਕਾਇਤ ਸੌਂਪਣ ਲਈ ਤਿਆਰ ਹਾਂ।” ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਵਾਲੇ ਗਿਆਨੇਸ਼ ਕੁਮਾਰ ਤੋਂ ਪੁੱਛਣ ਕਿ ਹਲਫ਼ਨਾਮਾ ਕਦੋਂ ਅਤੇ ਕਿੱਥੇ ਲੈ ਕੇ ਆਉਣਾ ਹੈ। ਉਨ੍ਹਾਂ ਕਿਹਾ “ਗਿਆਨੇਸ਼ ਕੁਮਾਰ ਮੈਨੂੰ ਦੱਸਣ, ਜਦੋਂ ਵੀ ਅਤੇ ਜਿੱਥੇ ਵੀ ਉਹ ਮੈਨੂੰ ਕਹਿਣਗੇ, ਮੈਂ ਆਪਣਾ ਹਲਫ਼ਨਾਮਾ ਲੈ ਕੇ ਉਨ੍ਹਾਂ ਤੱਕ ਪਹੁੰਚ ਕਰਾਂਗਾ, ਤਾਂ ਜੋ ਪਿਛਲੇ ਮਾਮਲਿਆਂ ਦੇ ਉਲਟ, ਉਹ ਇਹ ਬਹਾਨਾ ਨਾ ਬਣਾ ਸਕਣ ਕਿ ਸ਼ਿਕਾਇਤ ਸਾਨੂੰ ਹਲਫ਼ਨਾਮੇ ’ਤੇ ਨਹੀਂ ਦਿੱਤੀ ਗਈ ਸੀ।” ਸੌਰਭ ਭਾਰਦਵਾਜ ਨੇ ਅੱਗੇ ਕਿਹਾ ਕਿ ਕੱਲ੍ਹ ਇਸੇ ਥਾਂ ’ਤੇ ਇੱਕ ਪ੍ਰੈਸ ਕਾਨਫਰੰਸ ਵਿਚ ਸਬੂਤਾਂ ਸਮੇਤ ਇਹ ਜਾਣਕਾਰੀ ਸਾਂਝੀ ਕੀਤੀ ਕਿ ਫਰਵਰੀ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਆਪਣੇ ਹਲਕੇ ਨਵੀਂ ਦਿੱਲੀ ਵਿਧਾਨ ਸਭਾ ਵਿੱਚ ਵੋਟਾਂ ਕੱਟਣ ਅਤੇ ਧੋਖਾਧੜੀ ਦੀ ਪ੍ਰਕਿਰਿਆ ਵੱਡੇ ਪੱਧਰ ’ਤੇ ਚੱਲ ਰਹੀ ਸੀ। ਜਿੱਥੋਂ ਦਿੱਲੀ ਦੇ ਸਭ ਤੋਂ ਹਾਈ ਪ੍ਰੋਫਾਈਲ ਉਮੀਦਵਾਰ ਅਰਵਿੰਦ ਕੇਜਰੀਵਾਲ, ਪ੍ਰਵੇਸ਼ ਵਰਮਾ ਅਤੇ ਸੰਦੀਪ ਦਿਕਸ਼ਿਤ ਚੋਣ ਲੜ ਰਹੇ ਸਨ।
“ਆਰ.ਟੀ.ਆਈ. ਵਿੱਚ ਨਹੀਂ ਦਿੱਤਾ ਕੋਈ ਜਵਾਬ”
ਸੌਰਭ ਭਾਰਦਵਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ, ਜਿਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ, ਸੰਜੈ ਸਿੰਘ, ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਰਾਘਵ ਚੱਢਾ ਨੇ ਇਸ ਮੁੱਦੇ ਨੂੰ ਉਠਾਉਣ ਅਤੇ ਇਸ ਧੋਖਾਧੜੀ ਦੀ ਜਾਂਚ ਦੀ ਮੰਗ ਕਰਨ ਲਈ ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ਪਰ ਚੋਣ ਕਮਿਸ਼ਨ ਕੋਈ ਕਾਰਵਾਈ ਕਰਨ ਜਾਂ ਕੋਈ ਠੋਸ ਕਦਮ ਚੁੱਕਣ ਵਿੱਚ ਅਸਫਲ ਰਿਹਾ। ਉਨ੍ਹਾਂ ਕਿਹ ਕਿ ਕੁਝ ਦਿਨ ਪਹਿਲਾਂ, ਉਨ੍ਹਾਂ ਚੋਣ ਕਮਿਸ਼ਨ ਕੋਲ ਇੱਕ ਆਰ ਟੀ ਆਈ ਦਾਇਰ ਕੀਤੀ ਸੀ, ਜਿਸ ਵਿੱਚ ਪੁੱਛਿਆ ਗਿਆ ਸੀ, ‘ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਜਦੋਂ ਇਹ ਜਾਣਕਾਰੀ ਮੰਗੀ ਤਾਂ ਚੋਣ ਕਮਿਸ਼ਨ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ।
ਚੋਣ ਕਮਿਸ਼ਨ ਨੇ ਦੋਸ਼ ਖਾਰਜ ਕੀਤੇ
ਚੋਣ ਕਮਿਸ਼ਨ ਨੇ ਦਿੱਲੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੌਰਭ ਭਾਰਦਵਾਜ ਦੇ ਸ਼ਹਿਰ ਵਿੱਚ ਵੋਟਰਾਂ ਦੇ ਨਾਂ ਗੈਰ-ਕਾਨੂੰਨੀ ਢੰਗ ਨਾਲ ਹਟਾਉਣ ਦੇ ਦੋਸ਼ਾਂ ਦਾ ਸਖ਼ਤ ਖੰਡਨ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਜਨਵਰੀ ਵਿੱਚ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਆਤਿਸ਼ੀ ਵੱਲੋਂ ਕੀਤੇ ਗਏ ਇਸੇ ਤਰ੍ਹਾਂ ਦੇ ਲਾਏ ਦੋਸ਼ਾਂ ਦਾ ਜਵਾਬ ਦਿੱਤਾ ਸੀ। ਚੋਣ ਕਮਿਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਅੱਜ ਸੌਰਭ ਭਾਰਦਵਾਜ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੇ ਹਵਾਲੇ ਨਾਲ, ਇਹ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ 13 ਜਨਵਰੀ 2025 ਨੂੰ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਆਤਿਸ਼ੀ ਨੂੰ 76 ਪੰਨਿਆਂ ਦਾ ਵਿਸਤ੍ਰਿਤ ਜਵਾਬ ਭੇਜਿਆ ਸੀ, ਜਿਸ ਵਿੱਚ ਸੱਤ ਹਿੱਸੇ ਸ਼ਾਮਲ ਸਨ। ਭਾਰਤ ਦੇ ਚੋਣ ਕਮਿਸ਼ਨ ਨੇ ਐਕਸ ’ਤੇ ਆਪਣੇ ਬਿਆਨ ਵਿੱਚ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿੱਚ ਜੋੜਨ ਅਤੇ ਹਟਾਉਣ ਦੀਆਂ ਅਰਜ਼ੀਆਂ ਵਿੱਚ ਚਿੰਤਾਜਨਕ ਵਾਧੇ ਦੇ ਦੋਸ਼ਾਂ ਨੂੰ ਖਾਰਜ ਕਰਨ ਲਈ ਆਤਿਸ਼ੀ ਨੂੰ ਪਹਿਲਾਂ ਦਿੱਤੇ ਗਏ ਦਸਤਾਵੇਜ਼ਾਂ ਨੂੰ ਨੱਥੀ ਕੀਤਾ।