ਰਾਜ ਸਭਾ ਜ਼ਿਮਨੀ ਚੋਣ: ‘ਆਪ’ ਨੇ ਰਾਜਿੰਦਰ ਗੁਪਤਾ ਨੂੰ ਉਮੀਦਵਾਰ ਐਲਾਨਿਆ
ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਵਿੱਚ ਹੋਣ ਵਾਲੀ ਰਾਜ ਸਭਾ ਜ਼ਿਮਨੀ ਚੋਣ ਲਈ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। 24 ਅਕਤੂਬਰ ਨੂੰ ਹੋਣ ਵਾਲੀ ਇਹ ਚੋਣ ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਥਾਂ ਨੂੰ ਭਰੇਗੀ। ਉਨ੍ਹਾਂ ਪੰਜਾਬ ਵਿਧਾਨ ਸਭਾ ਲਈ ਚੁਣੇ ਜਾਣ ਤੋਂ ਬਾਅਦ ਆਪਣੀ ਰਾਜ ਸਭਾ ਸੀਟ ਛੱਡ ਦਿੱਤੀ ਸੀ। ਅਰੋੜਾ ਜੋ ਕਿ ਹੁਣ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਕੈਬਨਿਟ ਵਿੱਚ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਹਨ, ਨੇ ਇਸ ਸਾਲ ਦੇ ਸ਼ੁਰੂ ਵਿੱਚ ਲੁਧਿਆਣਾ (ਪੱਛਮੀ) ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਸੀ।
ਉਦਯੋਗਪਤੀ ਤੋਂ ਸਿਆਸਤਦਾਨ ਬਣੇ ਰਾਜਿੰਦਰ ਗੁਪਤਾ ਟਰਾਈਡੈਂਟ ਲਿਮਟਿਡ ਦੇ ਸੰਸਥਾਪਕ ਅਤੇ ਚੇਅਰਮੈਨ ਹਨ, ਜੋ ਕਿ ਟਰਾਈਡੈਂਟ ਗਰੁੱਪ ਦੀ ਪ੍ਰਮੁੱਖ ਕੰਪਨੀ ਹੈ। ਪਦਮਸ੍ਰੀ ਪੁਰਸਕਾਰ ਜੇਤੂ ਗੁਪਤਾ ਨੇ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਬੀਤੇ ਦਿਨੀਂ ਪੰਜਾਬ ਪਲਾਨਿੰਗ ਬੋਰਡ ਦੀ ਵਾਈਸ ਚੇਅਰਮੈਨੀ ਅਤੇ ਐਡਵਾਈਜ਼ਰੀ ਮੈਨੇਜਿੰਗ ਕਮੇਟੀ, ਮੰਦਰ ਸ੍ਰੀ ਕਾਲੀ ਦੇਵੀ ਪਟਿਆਲਾ ਦੇ ਚੇਅਰਪਰਸਨ ਦੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ। ‘ਆਪ’ ਨੇ ਇਕ ਬਿਆਨ ਵਿੱਚ ਕਿਹਾ, ‘‘ਸਿਆਸੀ ਮਾਮਲਿਆਂ ਬਾਰੇ ਕਮੇਟੀ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਰਾਜਿੰਦਰ ਗੁਪਤਾ ਨੂੰ ਉਮੀਦਵਾਰ ਵਜੋਂ ਨਾਮਜ਼ਦ ਕਰਨ ਦਾ ਐਲਾਨ ਕਰਦੀ ਹੈ।’’ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਗੁਪਤਾ ਨੂੰ ‘ਆਪ’ ਉਮੀਦਵਾਰ ਐਲਾਨੇ ਜਾਣ ’ਤੇ ਵਧਾਈ ਦਿੱਤੀ। ‘ਆਪ’ ਨੂੰ ਸੂਬੇ ਦੀ 117 ਮੈਂਬਰੀ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਹਾਸਲ ਹੈ। ਇਸ ਬਹੁਮਤ ਨਾਲ ‘ਆਪ’ ਨੂੰ ਗੁਪਤਾ ਨੂੰ ਰਾਜ ਸਭਾ ਭੇਜਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਏਗੀ।