ਮੀਂਹ ਨਾਲ ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਪਾਣੀ ਹੀ ਪਾਣੀ
ਦਿੱਲੀ ਵਿੱਚ ਅੱਜ ਸਵੇਰੇ ਦਸ ਮਿੰਟ ਪਏ ਮੀਂਹ ਮਗਰੋਂ ਕੌਮੀ ਰਾਜਧਾਨੀ ਦੀਆਂ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ। ਸਵੇਰ ਵੇਲੇ ਲੋਕਾਂ ਨੂੰ ਆਪੋ ਆਪਣੇ ਕੰਮਾਂ-ਕਾਰਾਂ ਅਤੇ ਦਫ਼ਤਰਾਂ ਵੱਲ ਜਾਣ ਲਈ ਔਖਿਆਈ ਹੋਈ। ਸਕੂਲਾਂ ਦੇ ਵਿਦਿਆਰਥੀ ਵੀ ਪ੍ਰੇਸ਼ਾਨ ਹੋਏ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਦਿੱਲੀ ਨਗਰ ਨਿਗਮ ਅਤੇ ਦਿੱਲੀ ਸਰਕਾਰ ਵੱਲੋਂ ਮੌਨਸੂਨ ਦਾ ਪਾਣੀ ਜਮ੍ਹਾਂ ਨਾ ਹੋਣ ਦੇਣ ਦੀਆਂ ਸਾਰੀਆਂ ਦਲੀਲਾਂ ਅਤੇ ਵਾਅਦੇ ਪਾਣੀ ਪਾਣੀ ਹੋ ਗਏ। ਮੰਗਲਵਾਰ ਸਵੇਰੇ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਅਤੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਆਈਟੀਓ, ਧੌਲਾ ਕੂੰਆਂ, ਨਰਾਇਣ, ਪਟੇਲ ਨਗਰ, ਵਿਜੇ ਚੌਕ, ਜੰਗਪੁਰਾ ਅਤੇ ਰੋਹਿਣੀ ਵਰਗੇ ਖੇਤਰਾਂ ਵਿੱਚ ਭਾਰੀ ਮੀਂਹ ਪਿਆ। ਸਵੇਰ ਦੇ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਆਵਾਜਾਈ ਵਿੱਚ ਵਿਘਨ ਪਿਆ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਦਿੱਲੀ ਵਿੱਚ ਅੱਜ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ’ਤੇ ਇਸ ਸਬੰਧੀ ਨਿਸ਼ਾਨੇ ਸੇਧੇ ਹਨ।
ਕੇਜਰੀਵਾਲ ਨੇ ਕਨਾਟ ਪਲੇਸ ਦੀ ਵੀਡੀਓ ਕੀਤੀ ਸਾਂਝੀ
ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਾਮ ਨੂੰ ਐਕਸ ਉਪਰ ਕਨਾਟ ਪਲੇਸ ਦੀ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਜਦੋਂ ਦਿੱਲੀ ਦੇ ਦਿਲ ਕਨਾਟ ਪਲੇਸ ਦੀ ਇਹ ਹਾਲਤ ਹੈ ਤਾਂ ਬਾਕੀ ਦਿੱਲੀ ਦੀ ਹਾਲਤ ਦੀ ਕਲਪਨਾ ਕਰਨੀ ਔਖੀ ਨਹੀਂ ਹੈ। ਸਿਰਫ਼ 10 ਮਿੰਟ ਦੀ ਬਾਰਸ਼ ਵਿੱਚ ਸੜਕਾਂ ਤਲਾਅ ਬਣ ਗਈਆਂ ਹਨ। ਭਾਜਪਾ 5 ਮਹੀਨਿਆਂ ਵਿੱਚ ਦਿੱਲੀ ਨੂੰ ਕਿੱਥੇ ਲੈ ਆਈ ਹੈ? ਕੀ ਇਹ ‘4 ਇੰਜਣ’ ਸਰਕਾਰ ਦੀ ਰਫ਼ਤਾਰ ਹੈ? ਉਧਰ ਕੁਝ ਦਿਨ ਪਹਿਲਾਂ ਹੀ ਐੱਲਜੀ ਅਤੇ ਲੋਕ ਨਿਰਮਾਣ ਮੰਤਰੀ ਨੇ ਆਈਟੀਓ ‘ਤੇ ਪਾਣੀ ਭਰਨ ਨੂੰ ਰੋਕਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਸੀ। ਐੱਲਜੀ ਅਤੇ ਮੰਤਰੀ ਨੇ ਇਸ ਬਾਬਤ ਇੱਕ ਦੂਜੇ ਦੀ ਪਿੱਠ ਵੀ ਥਪਥਪਾਈ ਸੀ। ਮੰਗਲਵਾਰ ਨੂੰ ਜਦੋਂ ਥੋੜ੍ਹੀ ਜਿਹਾ ਮੀਂਹ ਪੈਣ ’ਤੇ ਉਸੇ ਆਈਟੀਓ ‘ਤੇ ਪਾਣੀ ਭਰ ਗਿਆ ਤਾਂ ਸੌਰਭ ਭਾਰਦਵਾਜ ਨੇ ਇਸ ਲਈ ਐੱਲਜੀ ਅਤੇ ਪ੍ਰਵੇਸ਼ ਵਰਮਾ ’ਤੇ ਤਨਜ਼ ਕੱਸਣ ਨੂੰ ਦੇਰੀ ਨਹੀਂ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰਨ ਦੀ ਵੀਡੀਓ ਸਾਂਝੀ ਕਰਕੇ ਭਾਜਪਾ ਸਰਕਾਰ ਨੂੰ ਘੇਰਿਆ।
ਕੰਧ ਡਿੱਗਣ ਕਾਰਨ ਮਾਂ ਅਤੇ ਪੁੱਤਰ ਦੀ ਮੌਤ
ਦਿੱਲੀ ਵਿੱਚ ਅੱਜ ਪਏ ਭਾਰੀ ਮੀਂਹ ਦੌਰਾਨ ਇੱਕ ਵੱਡੀ ਦੁਰਘਟਨਾ ਸਾਹਮਣੇ ਆਈ ਹੈ। ਸਿਵਲ ਲਾਈਨਜ਼ ਖੇਤਰ ਵਿੱਚ ਕੰਧ ਡਿੱਗਣ ਕਾਰਨ ਇੱਕ ਔਰਤ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਉੱਤਰੀ ਦਿੱਲੀ ਦੇ ਸਿਵਲ ਲਾਈਨਜ਼ ਖੇਤਰ ਵਿੱਚ ਸਹਿਗਲ ਕਲੋਨੀ ਪਲਾਟ ਨੰਬਰ-1 ਦੀ ਕੰਧ ਡਿੱਗਣ ਕਾਰਨ ਇੱਕ ਔਰਤ ਅਤੇ ਉਸ ਦੇ 17 ਸਾਲ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦਿੱਲੀ ਦੇ ਉਪ ਰਾਜਪਾਲ ਦੇ ਘਰ ਨੇੜੇ ਵਾਪਰਿਆ। ਬਚਾਅ ਟੀਮਾਂ ਮੌਕੇ ’ਤੇ ਮੌਜੂਦ ਸਨ। ਔਰਤ ਦਾ ਨਾਮ ਮੀਰਾ ਹੈ ਅਤੇ ਉਸ ਦੇ ਪੁੱਤਰ ਦਾ ਨਾਮ ਗਣਪਤ ਦੱਸਿਆ ਗਿਆ ਹੈ।
ਏਅਰਲਾਈਨਾਂ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ
ਨਵੀਂ ਦਿੱਲੀ: ਵਿਗੜੇ ਮੌਸਮ ਕਾਰਨ ਦਿੱਲੀ ਵਿੱਚ ਉਡਾਣਾਂ ਵਿੱਚ ਕਾਫ਼ੀ ਵਿਘਨ ਪਿਆ ਹੈ। ਇਸ ਕਾਰਨ ਏਅਰਲਾਈਨਾਂ ਨੂੰ ਐਡਵਾਈਜਰੀ ਜਾਰੀ ਕਰਨੀ ਪਈ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਯਾਤਰੀਆਂ ਨੂੰ ਚੱਲ ਰਹੀ ਬਾਰਸ਼ ਕਾਰਨ ਸੰਭਾਵੀ ਦੇਰੀ ਬਾਰੇ ਚਿਤਾਵਨੀ ਦਿੱਤੀ, ਉਨ੍ਹਾਂ ਨੂੰ ਟਰੈਫਿਕ ਜਾਮ ਤੋਂ ਬਚਣ ਅਤੇ ਸਮੇਂ ਸਿਰ ਹਵਾਈ ਅੱਡੇ ‘ਤੇ ਪਹੁੰਚਣ ਲਈ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ। ਸਪਾਈਸਜੈੱਟ ਨੇ ਯਾਤਰੀਆਂ ਨੂੰ ਸੰਭਾਵਿਤ ਉਡਾਣ ਵਿਘਨਾਂ ਬਾਰੇ ਸੁਚੇਤ ਕੀਤਾ। ਏਅਰ ਇੰਡੀਆ ਨੇ ਵੀ ਯਾਤਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਾਹਾ ਕਿ ਤੇਜ਼ ਹਵਾ ਅਤੇ ਮੀਂਹ ਅੱਜ ਸਵੇਰੇ ਦਿੱਲੀ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਪਣੀ ਯਾਤਰਾ ਲਈ ਵਾਧੂ ਸਮਾਂ ਦਿਓ। ਇੰਡੀਗੋ ਨੇ ਇਸੇ ਤਰ੍ਹਾਂ “ਏ ਰੇਨੀ ਡੇਅ ਰੀਮਾਈਂਡਰ” ਸਿਰਲੇਖ ਵਾਲਾ ਇੱਕ ਰੀਮਾਈਂਡਰ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ, “ਦਿੱਲੀ ਵਿੱਚ ਭਾਰੀ ਬਾਰਸ਼ ਦੀ ਸੰਭਾਵਨਾ ਦੇ ਨਾਲ, ਅਸੀਂ ਹਵਾਈ ਅੱਡੇ ‘ਤੇ ਆਉਣ-ਜਾਣ ਵਿੱਚ ਦੇਰੀ ਅਤੇ ਹੌਲੀ ਆਵਾਜਾਈ ਦੀ ਸੰਭਾਵਨਾ ਦੇਖ ਰਹੇ ਹਾਂ।
ਦਿੱਲੀ ਵਿੱਚ ਰੈੱਡ ਅਲਰਟ ਜਾਰੀ
ਕੌਮੀ ਰਾਜਧਾਨੀ ਵਿੱਚ ਭਾਰੀ ਮੀਂਹ ਪੈਣ ਕਾਰਨ ‘ਰੈੱਡ ਅਲਰਟ’ ਜਾਰੀ ਕੀਤਾ ਗਿਆ। ਸ਼ਹਿਰ ਭਰ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਵਿੱਚ ਵਿਘਨ ਪਿਆ। ਆਈਟੀਓ, ਮਹਿਰੌਲੀ-ਗੁੜਗਾਓਂ ਰੋਡ, ਨਹਿਰੂ ਪਲੇਸ, ਕੈਲਾਸ਼ ਕਲੋਨੀ ਰੋਡ, ਧੌਲਾ ਕੂੰਆਂ, ਨਰੈਣਾ, ਪਟੇਲ ਨਗਰ, ਵਿਜੇ ਚੌਕ, ਜੰਗਪੁਰਾ, ਆਰਕੇ ਪੁਰਮ, ਲਾਜਪਤ ਨਗਰ, ਤਾਲਕਟੋਰਾ ਰੋਡ, ਆਜ਼ਾਦ ਮਾਰਕੀਟ ਰੇਲਵੇ ਅੰਡਰਪਾਸ, ਰਾਮ ਬਾਗ ਰੋਡ, ਭੀਸ਼ਮ ਪਿਤਾਮਾ ਮਾਰਗ (ਲੋਧੀ ਰੋਡ), ਜ਼ਾਖੀਰਾ ਰੇਲਵੇ ਅੰਡਰਪਾਸ, ਰੋਡ ਨੰਬਰ 40 ਅਤੇ ਹੋਰ ਬਹੁਤ ਸਾਰੇ ਖੇਤਰ ਮੀਂਹ ਅਤੇ ਪਾਣੀ ਭਰਨ ਕਾਰਨ ਆਵਾਜਾਈ ਵਿੱਚ ਵਿਘਨ ਤੋਂ ਪ੍ਰਭਾਵਿਤ ਹੋਏ। ਸਵੇਰੇ 8.30 ਵਜੇ ਤੋਂ 11.30 ਵਜੇ ਦੇ ਵਿਚਕਾਰ, ਸ਼ਹਿਰ ਦੇ ਸਫਦਰਜੰਗ
ਵਿੱਚ ਇਸ ਦੇ ਪ੍ਰਾਇਮਰੀ ਮੌਸਮ ਸਟੇਸ਼ਨ ‘ਤੇ 63.5 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ, ਰਿਜ ਵਿੱਚ 129.4 ਮਿਲੀਮੀਟਰ, ਅਯਾਨਗਰ ਵਿੱਚ 23 ਮਿਲੀਮੀਟਰ, ਲੋਧੀ ਰੋਡ ਵਿੱਚ 64.5 ਮਿਲੀਮੀਟਰ, ਪ੍ਰਗਤੀ ਮੈਦਾਨ ਵਿੱਚ 44.4 ਮਿਲੀਮੀਟਰ ਅਤੇ ਪੂਸਾ ਵਿੱਚ 37.5 ਮਿਲੀਮੀਟਰ ਮੀਂਹ ਪਿਆ। ਆਈਐੱਮਡੀ ਦੇ ਅਨੁਸਾਰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੀਜ਼ਨ ਦੇ ਔਸਤ ਤੋਂ 0.5 ਡਿਗਰੀ ਘੱਟ ਹੈ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਸੀ। ਸਵੇਰੇ 8.30 ਵਜੇ ਨਮੀ 70 ਪ੍ਰਤੀਸ਼ਤ ਦਰਜ ਕੀਤੀ ਗਈ। ਸਵੇਰੇ 9 ਵਜੇ ਹਵਾ ਦਾ ਏਅਰ ਕੁਆਲਿਟੀ ਇੰਡੈਕਸ 87 (ਸੰਤੁਸ਼ਟੀਜਨਕ) ਸੀ।
ਪਾਣੀ ਕਾਰਨ ਇੰਦਰਲੋਕ ਚੌਕ ਦੇ ਨੇੜੇ ਆਵਾਜਾਈ ਦਾ ਰੁਖ਼ ਬਦਲਣਾ ਪਿਆ
ਦਿੱਲੀ ਟਰੈਫਿਕ ਪੁਲੀਸ ਅਨੁਸਾਰ ਜਵਾਹਰ ਲਾਲ ਨਹਿਰੂ ਸਟੇਡੀਅਮ ਚੌਕ ’ਤੇ ਪਾਣੀ ਭਰ ਜਾਣ ਕਾਰਨ ਲੋਧੀ ਰੋਡ ਤੋਂ ਕੋਟਲਾ ਵੱਲ ਭੀਸ਼ਮ ਪਿਤਾਮਾ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ। ਜ਼ਾਖੀਰਾ ਰੇਲਵੇ ਅੰਡਰਪਾਸ ਅਤੇ ਰੋਡ ਨੰਬਰ 40 ’ਤੇ ਵੀ ਆਵਾਜਾਈ ਜਾਮ ਹੋਈ ਜਿਸ ਵਿੱਚ ਇੰਦਰਲੋਕ ਚੌਕ ਦੇ ਨੇੜੇ ਆਵਾਜਾਈ ਦਾ ਰੁਖ਼ ਬਦਲਣਾ ਪਿਆ। ਸ਼ਾਸਤਰੀ ਨਗਰ ਅਤੇ ਕੇਡੀ ਚੌਕ ਤੋਂ ਆਵਾਜਾਈ ਨੂੰ ਚੌਧਰੀ ਨਾਹਰ ਸਿੰਘ ਮਾਰਗ ਵੱਲ ਮੋੜ ਦਿੱਤਾ ਗਿਆ ਹੈ ਅਤੇ ਇਸ ਦੇ ਉਲਟ ਰਿੰਗ ਰੋਡ ’ਤੇ ਸੇਵਾ ਨਗਰ ਬੱਸ ਡਿੱਪੂ ਅਤੇ ਬਾਰਾਪੁਲਾ ਦੇ ਨੇੜੇ ਪਾਣੀ ਭਰਨ ਕਾਰਨ ਸਰਾਏ ਕਾਲੇ ਖਾਨ ਤੋਂ ਆਈਐੱਨਏ ਮਾਰਕੀਟ ਵੱਲ ਜਾਣ ਵਾਲੇ ਮਾਰਗ ਦੀ ਆਵਾਜਾਈ ਵਿੱਚ ਵਿਘਨ ਪਿਆ। ਆਜ਼ਾਦ ਮਾਰਕੀਟ ਰੇਲਵੇ ਅੰਡਰਪਾਸ ਅਤੇ ਰਾਮ ਬਾਗ ਰੋਡ ’ਤੇ, ਆਵਾਜਾਈ ਇਸੇ ਤਰ੍ਹਾਂ ਪ੍ਰਭਾਵਿਤ ਹੋਈ। ਰਾਣੀ ਝਾਂਸੀ ਰੋਡ, ਬਰਫ਼ ਖਾਨਾ, ਪੁਲ ਮਿਠਾਈ ਅਤੇ ਵੀਰ ਬੰਦਾ ਬੈਰਾਗੀ ਮਾਰਗ ਤੋਂ ਆਉਣ ਵਾਲੇ ਲੋਕ ਵੀ ਜਾਮ ਵਿੱਚ ਫਸੇ।