ਕੌਮੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਮੀਂਹ
ਦਿੱਲੀ, ਫਰੀਦਾਬਾਦ, ਗ੍ਰੇਟਰ ਨੋਇਡਾ ਅਤੇ ਨੋਇਡਾ ਸਮੇਤ ਕੌਮੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਮੀਂਹ ਸ਼ੁਰੂ ਹੋਇਆ। ਜਿਸ ਕਾਰਨ ਲੋਕਾਂ ਨੂੰ ਹੁੰਮਸ ਅਤੇ ਪਸੀਨੇ ਵਾਲੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਸੀ ਕਿ ਅੱਜ ਆਮ ਤੌਰ ’ਤੇ ਬੱਦਲਵਾਈ ਰਹੇਗੀ। ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਭਵਿੱਖਬਾਣੀ ਮੁਤਾਬਕ ਦੁਪਹਿਰ ਬਾਅਦ ਕਿਤੇ ਕਿਤੇ ਹਲਕਾ ਮੀਂਹ ਪਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਦਿੱਲੀ ਵਿੱਚ ਮੌਨਸੂਨ ਦੇ ਸੀਜ਼ਨ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਦਾ ਸਾਲਾਨਾ ਕੋਟਾ ਵੀ ਅਗਸਤ ਦੇ ਅੱਧ ਵਿੱਚ ਹੀ ਪੂਰਾ ਹੋ ਗਿਆ ਹੈ। ਪਰ ਫਿਰ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਸਥਿਤੀ ਅਜਿਹੀ ਹੈ ਕਿ ਇਸ ਸਾਲ ਅਗਸਤ ਵਿੱਚ ਦਿੱਲੀ ਵਿੱਚ ਹੋਈ ਬਾਰਿਸ਼ ਢਾਈ ਦਹਾਕਿਆਂ ਵਿੱਚ ਸਭ ਤੋਂ ਵੱਧ ਰਹੀ ਹੈ ਪਰ ਮੌਨਸੂਨ ਦੌਰਾਨ ਨਮੀ ਨੇ 17 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਮਾਹਿਰਾਂ ਨੇ ਇਸ ਪਿੱਛੇ ਕਈ ਕਾਰਨ ਦੱਸੇ ਹਨ।
ਦਿੱਲੀ-ਐੱਨਸੀਆਰ ਦੇ ਕਈ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ। ਗੁਰੂਗ੍ਰਾਮ ਵਿੱਚ ਰਾਸ਼ਟਰੀ ਰਾਜਮਾਰਗ 48 ਦੇ ਨਾਲ ਨਰਸਿੰਘਪੁਰ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿੱਥੇ ਆਵਾਜਾਈ ਵਿੱਚ ਭਾਰੀ ਵਿਘਨ ਪਿਆ। ਭਾਰਤੀ ਮੌਸਮ ਵਿਭਾਗ ਨੇ ਪੱਛਮੀ ਉੱਤਰਾਖੰਡ, ਦੱਖਣੀ ਹਰਿਆਣਾ, ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਜਤਾਈ ਹੈ।