ਮੀਂਹ ਕਾਰਨ ਕੌਮੀ ਰਾਜਧਾਨੀ ਦੀ ਹਵਾ ਗੁਣਵੱਤਾ ’ਚ ਸੁਧਾਰ
ਅੱਜ ਕੌਮੀ ਰਾਜਧਾਨੀ ਵਿੱਚ ਲਗਾਤਾਰ ਮੀਂਹ ਪੈਣ ਨਾਲ ਤੇਜ਼ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਹਵਾ ਦੀ ਗੁਣਵੱਤਾ ਵਿੱਚ ਵੀ ਕਾਫ਼ੀ ਸੁਧਾਰ ਹੋਇਆ ਹੈ। ਮੌਨਸੂਨ ਦੇ ਦਿਨਾਂ ਨੂੰ ਛੱਡ ਕੇ ਆਮ ਕਰਕੇ ਦਿੱਲੀ ਅੰਦਰ ਪ੍ਰਦੂਸ਼ਣ ਦੀ ਭਰਮਾਰ ਰਹਿੰਦੀ ਹੈ ਅਤੇ ਕਈ ਵਾਰ ਤਾਂ ਕੌਮੀ ਰਾਜਧਾਨੀ ਦੁਨੀਆਂ ਦੇ ਪ੍ਰਦੂਸ਼ਣ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ’ਤੇ ਹੁੰਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਜੁਲਾਈ 2025 ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਸਾਫ਼ ਹਵਾ ਦਰਜ ਕੀਤੀ ਗਈ ਹੈ। ਇਸ ਦੌਰਾਨ ਖੇਤਰ ਦੇ ਕਈ ਹਿੱਸਿਆਂ ਵਿੱਚ ਹਵਾ ਗੁਣਵੱਤਾ (ਏਕਿਊਆਈ) 50 ਤੋਂ ਹੇਠਾਂ ਆ ਗਿਆ ਹੈ। ਹਵਾ ਗੁਣਵੱਤਾ ਦਾ ਇਹ ਪੱਧਰ ਬਹੁਤ ਵਧੀਆ ਮੰਨਿਆਂ ਜਾਂਦਾ ਹੈ। ਇਹ ਸੁਧਾਰ ਪਿਛਲੇ ਹਫ਼ਤੇ ਲਗਾਤਾਰ ਹੋ ਰਹੇ ਮੀਂਹ ਕਾਰਨ ਹੋਇਆ ਹੈ, ਜਿਸ ਨਾਲ ਹਵਾ ਸਾਫ਼ ਹੋ ਗਈ ਹੈ। 31 ਜੁਲਾਈ ਤੱਕ ਦਿੱਲੀ ਦੇ ਕਈ ਨਿਗਰਾਨੀ ਸਟੇਸ਼ਨਾਂ ਨੇ 20 ਅਤੇ 30 ਦੇ ਦਹਾਕੇ ਵਿੱਚ ਏਕਿਊਆਈ ਪੱਧਰ ਦੀ ਰਿਪੋਰਟ ਕੀਤੀ। ਅਲੀਪੁਰ (28), ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ (38), ਬਵਾਨਾ (36), ਨਰੇਲਾ ਅਤੇ ਨਹਿਰੂ ਨਗਰ (ਦੋਵੇਂ 48), ਗਾਜ਼ੀਆਬਾਦ ਵਿੱਚ ਇੰਦਰਾਪੁਰਮ (31), ਅਤੇ ਨੋਇਡਾ ਦੇ ਸੈਕਟਰ 62 ਅਤੇ ਸੈਕਟਰ 1 (ਦੋਵੇਂ 34) ਵਰਗੇ ਪ੍ਰਮੁੱਖ ਸਥਾਨਾਂ ਉਪਰ ਹਾਲ ਹੀ ਵਿੱਚ ਰਾਜਧਾਨੀ ਵਿੱਚ ਦੇਖੀ ਗਈ ਸਭ ਤੋਂ ਸਾਫ਼ ਹਵਾ ਦਰਜ ਕੀਤੀ। ਇਹ ਅੰਕੜੇ ਅਕਸਰ ਪਹਾੜੀ ਸਟੇਸ਼ਨਾਂ ਨਾਲੋਂ ਵੀ ਸਾਫ਼ ਹਨ। ਭਾਰਤੀ ਮੌਸਮ ਵਿਭਾਗ ਅਨੁਸਾਰ ਖੇਤਰ ਵਿੱਚ 5 ਅਗਸਤ ਤੱਕ ਬੱਦਲ ਛਾਏ ਰਹਿਣ ਦੀ ਉਮੀਦ ਹੈ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ। ਪਹਿਲੀ ਤੋਂ ਤਿੰਨ ਅਗਸਤ ਦੇ ਵਿਚਕਾਰ ਭਾਰੀ ਮੀਂਹ ਦੇ ਨਾਲ ਗਰਜ-ਤੂਫਾਨ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਅਤੇ ਪ੍ਰਦੂਸ਼ਣ ਤੋਂ ਹੋਰ ਰਾਹਤ ਮਿਲੇਗੀ।
ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰਿਆ
ਜਿੱਥੇ ਮੀਂਹ ਨੇ ਵਾਤਾਵਰਨ ਨੂੰ ਸਾਫ਼ ਕੀਤਾ ਹੈ, ਉੱਥੇ ਹੀ ਕੁਝ ਇਲਾਕਿਆਂ ਵਿੱਚ ਪਾਣੀ ਭਰਨ ਵਰਗੀਆਂ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ। ਜਿਸ ਨਾਲ ਨਗਰ ਨਿਗਮ ਅਧਿਕਾਰੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲਿਆਂ ਲਈ ਇੱਕ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਸ਼ਹਿਰ ਦਾ ਬੁਨਿਆਦੀ ਢਾਂਚਾ ਮੌਨਸੂਨ ਦੀ ਬਾਰਿਸ਼ ਦੇ ਕਹਿਰ ਤੋਂ ਨਹੀਂ ਬਚਿਆ। ਪਾਣੀ ਭਰਨ ਕਾਰਨ ਮੁੱਖ ਸੜਕਾਂ ਟੁੱਟ ਗਈਆਂ ਹਨ, ਜਿਸ ਕਾਰਨ ਦਿੱਲੀ ਵਿੱਚ ਲੰਮੇ ਟ੍ਰੈਫਿਕ ਜਾਮ ਲੱਗੇ। ਦਫ਼ਤਰ ਜਾਣ ਵਾਲਿਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਈ ਮੁੱਖ ਰਸਤਿਆਂ ’ਤੇ ਪਾਣੀ ਭਰ ਗਿਆ।