ਕੌਮੀ ਰਾਜਧਾਨੀ ਵਿੱਚ ਮੀਂਹ ਨਾਲ ਗਰਮੀ ਤੋਂ ਰਾਹਤ
ਦਿੱਲੀ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਭਾਰਤੀ ਮੌਸਮ ਵਿਭਾਗ ਨੇ ਆਪਣੀ ਮੀਂਹ ਦੀ ਚੇਤਾਵਨੀ ਨੂੰ ਯੈੱਲੋ ਅਲਰਟ ਤੋਂ ਓਰੈਂਜ ਅਲਰਟ ਵਿੱਚ ਬਦਲ ਦਿੱਤਾ। ਮੌਸਮ ਮਹਿਕਮੇ ਨੇ ਦੱਸਿਆ ਕਿ ਕਿਤੇ ਭਾਰੀ ਅਤੇ ਕੁੱਝ ਥਾਵਾਂ ਉੱਪਰ ਦਰਮਿਆਨਾ ਮੀਂਹ ਪਿਆ।
ਜ਼ਿਕਰਯੋਗ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਗਰਮੀ ਵਧਣ ਲੱਗੀ ਸੀ ਅਤੇ ਬੀਤੇ ਛੇ ਸਾਲਾਂ ਮਗਰੋਂ ਸਤੰਬਰ ਵਿੱਚ ਤੇਜ਼ ਗਰਮੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਨੂੰ ਚੱਲ ਰਹੇ ਤਿਉਹਾਰਾਂ ਵਿੱਚ ਹਿੱਸਾ ਲੈਣ ਲਈ ਮਹਾ ਅਸ਼ਟਮੀ ’ਤੇ ਸੀ ਆਰ ਪਾਰਕ ਦੇ ਕਾਲੀ ਮੰਦਰ ਵਿਖੇ ਦੁਰਗਾ ਪੂਜਾ ਪੰਡਾਲ ਦੇ ਸੰਭਾਵਿਤ ਦੌਰੇ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲੀਸ ਨੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਭਾਰੀ ਆਵਾਜਾਈ ਦੀ ਚੇਤਾਵਨੀ ਦਿੱਤੀ ਸੀ। ਸੀ ਆਰ ਪਾਰਕ ਵਿੱਚ ਦੁਰਗਾ ਪੂਜਾ ਪੰਡਾਲਾਂ ਵਿੱਚ ਭਾਰੀ ਭੀੜ ਹੋਣ ਕਾਰਨ ਪੰਚਸ਼ੀਲ ਤੋਂ ਗ੍ਰੇਟਰ ਕੈਲਾਸ਼, ਲਾਲ ਬਹਾਦਰ ਸ਼ਾਸਤਰੀ ਮਾਰਗ, ਜੇ ਬੀ ਟੀਟੋ ਮਾਰਗ, ਇੰਦਰ ਮੋਹਨ ਭਾਰਦਵਾਜ ਮਾਰਗ ਅਤੇ ਸੀ ਆਰ ਪਾਰਕ ਮੇਨ ਰੋਡ ਤੱਕ ਆਊਟਰ ਰਿੰਗ ਰੋਡ ’ਤੇ ਭਾਰੀ ਆਵਾਜਾਈ ਰਹੀ। ਮੰਗਲਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ, ਜ਼ਾਖੀਰਾ ਅੰਡਰਪਾਸ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਪੈਦਲ ਚੱਲਣ ਵਾਲੇ ਗੋਡਿਆਂ ਤੱਕ ਪਾਣੀ ਵਿੱਚ ਫਸੇ ਰਹੇ। ਦਿੱਲੀ ਸਰਕਾਰ ਵੱਲੋਂ ਵਾਰ-ਵਾਰ ਕੌਮੀ ਰਾਜਧਾਨੀ ਵਿੱਚ ਮੀਂਹ ਦਾ ਪਾਣੀ ਨਾ ਭਰਨ ਦੇ ਦਾਅਵੇ ਜਿੱਥੇ ਮੌਨਸੂਨ ਦੌਰਾਨ ਧੋਤੇ ਜਾਂਦੇ ਰਹੇ। ਮੌਨਸੂਨ ਦੇ ਅੰਤ ਤੱਕ ਦਿੱਲੀ ਵਾਸੀ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਪਾਣੀ ਭਰਨ ਕਾਰਨ ਪ੍ਰੇਸ਼ਾਨ ਰਹੇ।
ਦਸਹਿਰੇ ਲਈ ਤਿਆਰ ਕੀਤੇ ਰਾਵਣ ਵੀ ਭਿੱਜੇ
ਦਿੱਲੀ ਵਿੱਚ ਭਾਰੀ ਮੀਂਹ ਦੌਰਾਨ ਦਸਹਿਰੇ ਦੇ ਤਿਉਹਾਰ ਲਈ ਤਿਆਰ ਕੀਤੇ ਗਏ ਰਾਵਣ ਦੇ ਪੁਤਲੇ ਵੀ ਭਿੱਜ ਗਏ। ਮੰਗਲਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੌਰਾਨ ਦਸਹਿਰੇ ਦੇ ਤਿਉਹਾਰ ਲਈ ਤਿਆਰ ਕੀਤੇ ਗਏ ਰਾਵਣ ਦੇ ਪੁਤਲੇ ਇਸ ਲਈ ਭਿੱਜ ਗਏ, ਕਿਉਂਕਿ ਇਨ੍ਹਾਂ ਦੇ ਕਾਰੀਗਰਾਂ ਕੋਲ ਪੁਤਲਿਆਂ ਨੂੰ ਢਕਣ ਲਈ ਕੋਈ ਬੰਦੋਬਸਤ ਨਹੀਂ ਸੀ। ਤਿਆਰ ਕੀਤੇ ਰਾਵਣ ਵੱਡੇ ਆਕਾਰ ਦੇ ਹਨ, ਜਿਹੜੇ ਖੁੱਲ੍ਹੇ ਮੈਦਾਨਾਂ ਵਿੱਚ ਰੱਖੇ ਹੋਏ ਹਨ। ਕਾਰੀਗਰਾਂ ਨੇ ਦੱਸਿਆ ਕਿ ਪਹਿਲਾਂ ਹੀ ਪੁਤਲੇ ਸਾੜਨ ਦਾ ਰੁਝਾਨ ਘੱਟ ਰਿਹਾ ਹੈ ਅਤੇ ਸੁਪਰੀਮ ਕੋਰਟ ਵੱਲੋਂ ਪਟਾਕੇ ਨਾ ਚਲਾਉਣ ਦੀ ਪਾਬੰਦੀ ਕਰ ਕੇ ਹੁਣ ਪੁਤਲੇ ਸਾੜਨ ਵਿੱਚ ਬੱਚਿਆਂ/ਨੌਜਵਾਨਾਂ ਦੀ ਦਿਲਸਚਪੀ ਘਟ ਗਈ ਹੈ। ਫਰੀਦਾਬਾਦ ਦੁਸਹਿਰਾ ਕਮੇਟੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਪੁਤਲੇ ਵਿੱਚ ਪਟਾਕੇ ਨਹੀ ਲਾਏ ਗਏ।
ਬਾਜ਼ਾਰਾਂ ਦੀ ਖ਼ਰਾਬ ਹੋਈ ਸਜਾਵਟ
ਫਰੀਦਾਬਾਦ (ਪੱਤਰ ਪ੍ਰੇਰਕ): ਦਸਹਿਰੇ ਤੋਂ ਐਨ ਪਹਿਲਾਂ ਦਿੱਲੀ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਬੱਲਭਗੜ੍ਹ ਵਿੱਚ ਪਏ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਨਾਲ ਹੀ ਕੁੱਝ ਹਿੱਸਿਆਂ ਵਿੱਚ ਮੀਂਹ ਮਗਰੋਂ ਪਾਣੀ ਭਰ ਗਿਆ ਹੈ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਅਵਾਜਾਈ ਪ੍ਰਭਾਵਿਤ ਹੋਈ। ਚੰਡੋਲਾਂ ਵਾਲਿਆਂ ਵੱਲੋਂ ਦਸਹਿਰੇ ਮੌਕੇ ਸਜਾਏ ਬਾਜ਼ਾਰਾਂ ਵਿੱਚ ਵੀ ਪਾਣੀ ਭਰ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਦਸਹਿਰੇ ਕਰ ਕੇ ਬਾਜ਼ਾਰਾਂ ਅੰਦਰ ਸਜਾਵਟ ਕੀਤੀ ਸੀ, ਜੋ ਮੀਂਹ ਨੇ ਖ਼ਰਾਬ ਕਰ ਦਿੱਤੀ।