ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ ਰੇਲਵੇ
ਪਟਨਾ ਤੋਂ ਆਨੰਦਪੁਰ ਸਾਹਿਬ ਤੇ ਦਿੱਲੀ ਤੋਂ ਆਨੰਦਪੁਰ ਸਾਹਿਬ ਲੲੀ ਚੱਲਣਗੀਆਂ ਰੇਲ ਗੱਡੀਆਂ
ਭਾਰਤੀ ਰੇਲਵੇ ਹਿੰਦ ਦੀ ਚਾਦਰ ਵਜੋਂ ਸਤਿਕਾਰੇ ਜਾਂਦੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ। ਇਹ ਐਲਾਨ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਨੇ ਕੀਤਾ। ਇਸ ਦੌਰਾਨ ਭਾਰਤੀ ਰੇਲਵੇ 22 ਨਵੰਬਰ ਤੋਂ ਚਾਰ ਦਿਨ ਲਈ ਦੋ ਰੇਲ ਗੱਡੀਆਂ ਚਲਾਏਗਾ। ਪਹਿਲੀ ਰੇਲ ਗੱਡੀ ਪਟਨਾ ਤੋਂ ਅਤੇ ਦੂਜੀ ਪੁਰਾਣੀ ਦਿੱਲੀ ਤੋਂ ਚੱਲੇਗੀ। 22 ਡੱਬਿਆਂ ਵਾਲੀ ਇਹ ਵਿਸ਼ੇਸ਼ ਰੇਲਗੱਡੀ 23 ਨਵੰਬਰ ਨੂੰ ਪਟਨਾ ਤੋਂ ਸਵੇਰੇ 06:40 ਵਜੇ ਰਵਾਨਾ ਹੋਵੇਗੀ ਅਤੇ 24 ਨਵੰਬਰ ਨੂੰ ਸਵੇਰੇ 04:15 ਵਜੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ। ਵਾਪਸੀ ਗੱਡੀ 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਰਾਤ 21:00 ਵਜੇ ਰਵਾਨਾ ਹੋਵੇਗੀ ਜੋ ਪੁਰਾਣੀ ਦਿੱਲੀ 23:30 ਵਜੇ ਪਹੁੰਚੇਗੀ। ਰੇਲਗੱਡੀ ਰਸਤੇ ਵਿੱਚ ਲਖਨਊ, ਮੁਰਾਦਾਬਾਦ ਅਤੇ ਅੰਬਾਲਾ ਰੁਕੇਗੀ।
ਪੁਰਾਣੀ ਦਿੱਲੀ ਵਿਸ਼ੇਸ਼ ਰੇਲਗੱਡੀ (ਸਾਰੀਆਂ ਏਸੀ) ਤਹਿਤ ਰੋਜ਼ਾਨਾ ਏਸੀ ਵਿਸ਼ੇਸ਼ ਸੇਵਾ 22, 23, 24 ਅਤੇ 25 ਨਵੰਬਰ ਨੂੰ ਸਵੇਰੇ 07:00 ਵਜੇ ਪੁਰਾਣੀ ਦਿੱਲੀ ਤੋਂ ਰਵਾਨਾ ਹੋਵੇਗੀ, ਉਸੇ ਦਿਨ ਦੁਪਹਿਰ 13:45 ਵਜੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ। ਵਾਪਸੀ ਸੇਵਾਵਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਰੋਜ਼ਾਨਾ 20:30 ਵਜੇ ਰਵਾਨਾ ਹੋਣਗੀਆਂ, ਜੋ 03:15 ਵਜੇ ਦਿੱਲੀ ਪਹੁੰਚਣਗੀਆਂ। ਇਹ ਗੱਡੀ ਆਉਣ ਤੇ ਜਾਣ ਵੇਲੇ ਸੋਨੀਪਤ, ਪਾਣੀਪਤ, ਕੁਰੂਕਸ਼ੇਤਰ, ਅੰਬਾਲਾ, ਸਰਹਿੰਦ ਅਤੇ ਨਿਊ ਮੋਰਿੰਡਾ ਰੁਕੇਗੀ।

