ਤਿਉਹਾਰੀ ਸੀਜ਼ਨ ’ਚ ਰੇਲਵੇ ਦੀ ਵੱਡੀ ਤਿਆਰੀ: ਉੱਤਰੀ ਭਾਰਤ ’ਚ ਤਾਇਨਾਤ ਕੀਤੀਆਂ 3,700 ਤੋਂ ਵੱਧ ਵਿਸ਼ੇਸ਼ ਟਰੇਨਾਂ !
ਤਿਉਹਾਰੀ ਯਾਤਰਾ ਦੀ ਮੰਗ ਨੂੰ ਪੂਰਾ ਕਰਨ ਲਈ ਰੇਲਨੇ ਵਿਭਾਗ ਨੇ ਲਿਆ ਫੈਸਲਾ
ਤਿਉਹਾਰਾਂ ਦੇ ਸੀਜ਼ਨ ਵਿੱਚ ਯਾਤਰੀਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਉੱਤਰੀ ਭਾਰਤ ਵਿੱਚ 3,700 ਤੋਂ ਵੱਧ ਵਿਸ਼ੇਸ਼ ਟਰੇਨਾਂ ਤਾਇਨਾਤ ਕੀਤੀਆਂ ਹਨ। ਇਹ ਯੋਜਨਾ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਨੂੰ ਕਵਰ ਕਰੇਗੀ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਦੇਸ਼ ਭਰ ਵਿੱਚ 10,700 ਰਿਜ਼ਰਵਡ ਅਤੇ 3,000 ਅਣਰਿਜ਼ਰਵਡ ਟਰੇਨਾਂ ਚੱਲ ਰਹੀਆਂ ਹਨ, ਜੋ ਤਿਉਹਾਰੀ ਯਾਤਰਾ ਦੀ ਮੰਗ ਨੂੰ ਪੂਰਾ ਕਰਨਗੀਆਂ।
ਖਾਸ ਤੌਰ ’ਤੇ ਛਠ ਪੂਜਾ ਦੀ ਤਿਆਰੀ ਲਈ ਅਗਲੇ ਚਾਰ ਦਿਨਾਂ ਵਿੱਚ 1,205 ਵਾਧੂ ਵਿਸ਼ੇਸ਼ ਟਰੇਨਾਂ ਚਲਾਈਆਂ ਜਾਣਗੀਆਂ। 1 ਅਕਤੂਬਰ ਤੋਂ 30 ਨਵੰਬਰ ਤੱਕ ਕੁੱਲ 12,000 ਤੋਂ ਵੱਧ ਵਿਸ਼ੇਸ਼ ਟਰੇਨਾਂ ਚੱਲਣਗੀਆਂ, ਜਿਨ੍ਹਾਂ ਵਿੱਚ ਬਿਹਾਰ ਲਈ 2,220 ਟਰੇਨਾਂ ਸ਼ਾਮਲ ਹਨ।
ਪਿਛਲੇ ਦੋ ਸਾਲਾਂ ਦੇ ਡਾਟਾ ਦੇ ਅਧਾਰ ’ਤੇ ਇਹ ਅੰਕੜੇ ਤੈਅ ਕੀਤੇ ਗਏ ਹਨ। ਪ੍ਰਮੁੱਖ ਸਟੇਸ਼ਨਾਂ ’ਤੇ ਹੋਲਡਿੰਗ ਅਤੇ ਵੇਟਿੰਗ ਏਰੀਆ ਬਣਾਏ ਗਏ ਹਨ।
ਰੇਲਵੇ ਨੇ 24x7 ਵਾਰ ਰੂਮ, ਮਿੰਨੀ ਕੰਟਰੋਲ ਰੂਮ ਅਤੇ ਹਜ਼ਾਰਾਂ ਕਰਮਚਾਰੀ ਤਾਇਨਾਤ ਕੀਤੇ ਹਨ। ਸਟੇਸ਼ਨਾਂ ’ਤੇ ਵਾਧੂ ਕੋਚ, ਵਾਲੰਟੀਅਰ, ਆਰਪੀਐਫ ਸਟਾਫ, ਪੀਣ ਵਾਲਾ ਪਾਣੀ, ਟਿਕਟ ਕਾਊਂਟਰ ਅਤੇ ਟਰੇਨ ਸਮਾਂ ਡਿਸਪਲੇ ਵਰਗੀਆਂ ਸਹੂਲਤਾਂ ਹਨ। ਮੋਬਾਈਲ ਯੂਟੀਐਸ ਸੇਵਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ।
ਰੇਲਵੇ ਬੋਰਡ ਨੇ ਗਲਤ ਜਾਂ ਪੁਰਾਣੇ ਵੀਡੀਓ ਫੈਲਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ। ਇਹ ਯਤਨ 20-30 ਮਿਲੀਅਨ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਖਾਲੀ ਯਾਤਰਾ ਦੇਣ ਦਾ ਟੀਚਾ ਰੱਖਦੇ ਹਨ।

