ਰਾਹੁਲ ਗਾਂਧੀ ਨੇ ਅਸ਼ੋਕ ਵਿਹਾਰ ’ਚ ਝੁੱਗੀਆਂ ਵਾਲਿਆਂ ਦੇ ਦੁੱਖੜੇ ਸੁਣੇ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਉੱਤਰ-ਪੱਛਮੀ ਦਿੱਲੀ ਦੇ ਅਸ਼ੋਕ ਵਿਹਾਰ ਦੇ ਜੇਲੇਰਵਾਲਾ ਬਾਗ ਤੇ ਵਜ਼ੀਰਪੁਰ ’ਚ ਪਹੁੰਚ ਕੇ ਝੁੱਗੀਆਂ-ਝੌਪੜੀਆਂ ’ਚ ਰਹਿੰਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਹ ਉਕਤ ਇਲਾਕਿਆਂ ਦੀਆਂ ਟੁੱਟੀਆਂ-ਭੱਜੀਆਂ ਗਲੀਆਂ ਵਿੱਚ ਚੁੱਪ-ਚਾਪ ਪਹੁੰਚ ਗਏ, ਜਿੱਥੇ ਟੀਨ ਦੀਆਂ ਛੱਤਾਂ ਰੱਦੀ ਕਾਗਜ਼ ਵਾਂਗ ਲਪੇਟੀਆਂ ਹੋਈਆਂ ਸਨ ਅਤੇ ਪਰਿਵਾਰ ਟੁੱਟੀਆਂ ਹੋਈਆਂ ਇੱਟਾਂ ਵਿਚਕਾਰ ਖਾਣਾ ਪਕਾ ਰਹੇ ਸਨ। ਇਹ ਝੁੱਗੀ-ਝੌਂਪੜੀਆਂ ਦੀ ਬਸਤੀ ਦਿੱਲੀ ਭਰ ’ਚ ਉਨ੍ਹਾਂ ਕਈਆਂ ਬਸਤੀਆਂ ’ਚੋਂ ਇੱਕ ਹੈ ਜਿੱਥੇ ਸਰਕਾਰ ਦੀ ਚੱਲ ਰਹੀ ਕਬਜ਼ੇ ਵਿਰੋਧੀ ਮੁਹਿੰਮ ਤਹਿਤ ਹਾਲ ਹੀ ਦੇ ਹਫ਼ਤਿਆਂ ਵਿੱਚ ਘਰ ਢਹਿ-ਢੇਰੀ ਕਰ ਦਿੱਤੇ ਗਏ ਸਨ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਰਾਹੁਲ ਗਾਂਧੀ ਅੱਜ ਪਾਰਟੀ ਦੀ ਕੌਮੀ ਤਰਜਮਾਨ ਰਾਗਿਨੀ ਨਾਇਕ ਦੇ ਨਾਲ ਉਕਤ ਇਲਾਕੇ ’ਚ ਪਹੁੰਚੇ ਅਤੇ ਉਨ੍ਹਾਂ ਦੇ ਦੁੱਖ ਦਰਦ ਸੁਣੇ। ਰਾਗਿਨੀ ਨੇ ਇਸ ਸਾਲ ਦੇ ਸ਼ੁਰੂ ’ਚ ਵਜ਼ੀਰਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ। ਉਕਤ ਖੇਤਰ ਉਸ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ।
ਰਾਹੁਲ ਗਾਂਧੀ ਉਸ ਜਗ੍ਹਾ ਜਿੱਥੇ ਡੀਡੀਏ ਨੇ ਜਿੱਥੇ 500 ਤੋਂ ਵੱਧ ਝੌਂਪੜੀਆਂ ਢਾਹ ਦਿੱਤੀਆਂ ਸਨ, ਪਹੁੰਚ ਕੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਦਾ ਦਰਦ ਸਾਂਝਾ ਕੀਤਾ।
ਆਪਣਾ ਆਸ਼ਿਆਨਾ ਗੁਆ ਚੁੱਕੇ ਲੋਕਾਂ ਨੇ ਆਪਣੇ ਦੁੱਖੜੇ ਰਾਹੁਲ ਗਾਂਧੀ ਨੂੰ ਸੁਣਾਏ ਅਤੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਰਸੋਈ ਦੀ ਬਜਾਏ ਖੁੱਲ੍ਹੇ ’ਚ ਖਾਣਾ ਪਕਾਉਣਾ ਪੈਂਦਾ ਹੈ। ਬੇਘਰ ਹੋਣ ਤੋਂ ਬਾਅਦ ਬੱਚੇ ਬਿਮਾਰ ਹੋ ਰਹੇ ਹਨ। ਬੱਚਿਆਂ ਦੇ ਸਕੂਲ ਛੁੱਟ ਗਏ ਹਨ ਤੇ ਪੜ੍ਹਾਈ ਪੂਰੀ ਨਹੀਂ ਹੋਵੇਗੀ। ਮੀਂਹ ਦੇ ਮੌਸਮ ’ਚ ਹਾਲ ਬੇਹਾਲ ਹੋ ਜਾਂਦਾ ਹੈ।
ਕਾਂਗਰਸੀ ਨੇਤਾ ਨੇ ਝੁੱਗੀਆਂ-ਝੌਂਪੜੀਆਂ ਦਾ ਨਿਰੀਖਣ ਕੀਤਾ ਤੇ ਲੋਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਬੇਘਰ ਹੋਣ ’ਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਗਾਂਧੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਲੜਾਈ ਅਦਾਲਤ ’ਚ ਲੈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸੰਸਦ ਵਿੱਚ ਇਸ ਮੁੱਦੇ ਨੂੰ ਚੁੱਕਣ ਦਾ ਵੀ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ 16 ਜੂਨ 2025 ਨੂੰ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਕਬਜ਼ੇ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਸਰਕਾਰੀ ਜ਼ਮੀਨ ‘ਤੇ ਗੈਰ-ਕਾਨੂੰਨੀ ਢਾਂਚਿਆਂ ਨੂੰ ਹਟਾਉਣ ਲਈ ਅਸ਼ੋਕ ਵਿਹਾਰ ਖੇਤਰ ਦੇ ਜੈਲਰਵਾਲਾ ਬਾਗ ਅਤੇ ਵਜ਼ੀਰਪੁਰ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਢਾਹੁਣ ਦੀ ਮੁਹਿੰਮ ਚਲਾਈ ਸੀ। ਇਸ ਮੁਹਿੰਮ ਦੌਰਾਨ ਲਗਭਗ 200 ਰਿਹਾਇਸ਼ਾਂ ਢਾਹ ਦਿੱਤੀਆਂ ਗਈਆਂ। ਜਿਸ ਨਾਲ ਕਈ ਲੋਕ ਬੇਘਰ ਹੋ ਗਏ।