ਵਸੰਤ ਵਿਹਾਰ ਦੇ ਰੈਣ ਬਸੇਰੇ ਵਿੱਚ ਬੀਤੇ ਦਿਨ ਅੱਗ ਲੱਗਣ ਕਾਰਨ ਦੋ ਬੇਘਰੇ ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਨੇ ਉੱਥੇ ਰਹਿਣ ਵਾਲਿਆਂ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਦਿੱਲੀ ਭਰ ਵਿੱਚ 326 ਰੈਣ ਬਸੇਰੇ ਹਨ, ਜਿਨ੍ਹਾਂ ਵਿੱਚ ਕਰੀਬ 19,000 ਬੇਘਰ ਲੋਕਾਂ ਦੇ ਰਹਿਣ ਦੀ ਸਮਰੱਥਾ ਹੈ। ਫਿਲਹਾਲ ਇੱਥੇ 5,000 ਤੋਂ ਵੱਧ ਲੋਕ ਰਹਿ ਰਹੇ ਹਨ। ਸੋਮਵਾਰ ਰਾਤ ਇਨ੍ਹਾਂ ਆਸਰਾ ਘਰਾਂ ਵਿੱਚ 5,344 ਲੋਕ ਮੌਜੂਦ ਸਨ, ਜਦਕਿ ਦਿਨ ਵੇਲੇ ਇਹ ਗਿਣਤੀ 3,003 ਦਰਜ ਕੀਤੀ ਗਈ ਸੀ।
ਹੁਣ ਸਵਾਲ ਇਹ ਹੈ ਕਿ ਕੀ ਇਨ੍ਹਾਂ ਬਸੇਰਿਆਂ ਵਿੱਚ ਰਹਿਣ ਵਾਲੇ ਲੋਕ ਅੱਗ ਵਰਗੀਆਂ ਘਟਨਾਵਾਂ ਤੋਂ ਸੁਰੱਖਿਅਤ ਹਨ? ਮਾਹਿਰਾਂ ਨੇ ਇਨ੍ਹਾਂ ਥਾਵਾਂ ਦੇ ‘ਫਾਇਰ ਆਡਿਟ’ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਰੈਣ ਬਸੇਰੇ ਚਲਾਉਣ ਵਾਲਾ ‘ਦਿੱਲੀ ਸ਼ਹਿਰੀ ਆਸਰਾ ਬੋਰਡ’ ਭਾਵੇਂ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਸੁਰੱਖਿਆ ਪ੍ਰਬੰਧ ਜ਼ਮੀਨੀ ਪੱਧਰ ਦੀ ਬਜਾਏ ਕਾਗਜ਼ਾਂ ਵਿੱਚ ਹੀ ਜ਼ਿਆਦਾ ਨਜ਼ਰ ਆਉਂਦੇ ਹਨ। ਦਿੱਲੀ ਵਿੱਚ ਚਾਰ ਤਰ੍ਹਾਂ ਦੇ ਰੈਣ ਬਸੇਰੇ ਹਨ: ਪੱਕੀਆਂ ਇਮਾਰਤਾਂ, ਪੋਰਟਾ ਕੈਬਿਨ, ਆਰਜ਼ੀ ਇਮਾਰਤਾਂ ਅਤੇ ਟੈਂਟ।
ਸੋਮਵਾਰ ਨੂੰ ਜਿਸ ਬਸੇਰੇ ਵਿੱਚ ਅੱਗ ਲੱਗੀ, ਉਹ ਇੱਕ ਪੋਰਟਾ ਕੈਬਿਨ ਸੀ। ਹਾਲਾਂਕਿ, ਸੁਰੱਖਿਆ ਪੱਖੋਂ ਸਾਰਿਆਂ ਦਾ ਹਾਲ ਇੱਕੋ ਜਿਹਾ ਹੈ ਅਤੇ ਅੱਗ ਤੋਂ ਬਚਾਅ ਦੇ ਪੁਖਤਾ ਇੰਤਜ਼ਾਮ ਕਿਤੇ ਵੀ ਨਜ਼ਰ ਨਹੀਂ ਆਉਂਦੇ। ਹੁਣ ਹਰ ਰੈਣ ਬਸੇਰੇ ਦਾ ਫਾਇਰ ਆਡਿਟ ਕਰਵਾਉਣ ਦੀ ਮੰਗ ਉੱਠ ਰਹੀ ਹੈ। ‘ਆਪ’ ਦੇ ਸਾਬਕਾ ਵਿਧਾਇਕ ਜਗਦੀਪ ਸਿੰਘ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਨੂੰ ਰੈਣ ਬਸੇਰਿਆਂ ਵਿੱਚ ਅੱਗ ਤੋਂ ਬਚਾਅ ਲਈ ਪ੍ਰਬੰਧ ਕਰਨੇ ਚਾਹੀਦੇ ਹਨ।

