ਪੰਜਾਬੀ ਅਤੇ ਉਰਦੂ ਕਵਿਤਾ ਦੇ ਮੁਕਾਬਲੇ
ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਕੁੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿੱਚ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜ਼ੋਨਲ ਪੱਧਰੀ ਪੰਜਾਬੀ ਅਤੇ ਉਰਦੂ ਕਵਿਤਾ ਪਾਠ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਆਰਥੀਆਂ ਨੇ ‘ਕੁਰਬਾਨੀ’, ‘ਉਹੀਓ ਬੁੱਢੀ ਮਾਂ’, ‘ਗੁਆਚਿਆ ਬਚਪਨ’, ‘ਅੱਜ ਦਾ ਸਮਾਂ’, ‘ਰਾਹੀਆ ਤੁਰ’, ‘ਰੁੱਖ’, ‘ਪੰਜਾਬੀ ਸੱਭਿਆਚਾਰ’, ‘ਘਰ ਦਾ ਸ਼ਿੰਗਾਰ ਧੀਆਂ’, ‘ਮੈਂ ਤੇ ਮੇਰੀ ਕੋਸ਼ਿਸ਼’, ‘ਨਾਨਕ ਤੇ ਫਰੀਦ’, ‘ਸੋਸ਼ਲ ਮੀਡੀਆ’, ‘ਕੁਦਰਤ ਨਾਲ ਪਿਆਰ ਕਰੋ’ ਅਤੇ ਹੋਰ ਸੰਜੀਦਾ ਵਿਸ਼ਿਆਂ ’ਤੇ ਕਵਿਤਾਵਾਂ ਪੇਸ਼ ਕੀਤੀਆਂ। ਪੰਜਾਬੀ ਕਵਿਤਾ ਮੁਕਾਬਲੇ ਵਿੱਚ ਨਿਰਣਾਇਕ ਮੰਡਲ ਦੀ ਜ਼ਿੰਮੇਵਾਰੀ ਸੀਨੀਅਰ ਲੈਕਚਰਾਰ ਸੁਨੀਲ ਕੁਮਾਰ ਬੇਦੀ ਅਤੇ ਮਨਜੀਤ ਸ਼ਰਮਾ ਨੇ ਨਿਭਾਈ। ਉਰਦੂ ਕਵਿਤਾ ਮੁਕਾਬਲੇ ਵਿੱਚ ਅਬਦੁਲ ਖ਼ਾਲਿਕ ਅਤੇ ਡਾ. ਸ਼ਹਾਨਾ ਖਾਨ ਨੇ ਨਿਭਾਈ। ‘ਟਾਈਮ ਕੀਪਰ’ ਦੀ ਜ਼ਿੰਮੇਵਾਰੀ ਮਧੂ ਮਖੀਜਾ ਵੱਲੋਂ ਨਿਭਾਈ ਗਈ। ਰਜਿਸਟਰੇਸ਼ਨ ਦਾ ਕਾਰਜ ਸ਼ਾਲਿਨੀ ਸ਼ਰਮਾ ਅਤੇ ਆਰਤੀ ਮੀਣਾ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਉਲੀਕਣ ਅਤੇ ਨੇਪਰੇ ਚਾੜ੍ਹਨ ਵਿੱਚ ਇੰਚਾਰਜ ਰਾਜਵੰਤੀ ਗੌਡ ਅਤੇ ਦੀਪਤੀ ਨੇ ਮੁੱਖ ਭੂਮਿਕਾ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਇੰਚਾਰਜ ਮਧੂ ਬਾਲਾ ਨੇ ਕਵਿਤਾ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨਿਰਣਾਇਕ ਮੰਡਲ ਦਾ ਵੀ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਕਵਿਤਾ ਮੁਕਾਬਲੇ ਦੇ ਨਤੀਜੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਕੂਲਾਂ ਨੂੰ ਈ-ਮੇਲ ਰਾਹੀਂ ਭੇਜੇ ਜਾਣਗੇ।