ਵਪਾਰ ਮੇਲੇ ’ਚ ਲੋਕਾਂ ਦਾ ਦਾਖ਼ਲਾ ਖੋਲ੍ਹਿਆ
ਪੰਜ ਕਾਰੋਬਾਰੀ ਦਿਨਾਂ ਤੋਂ ਬਾਅਦ ਭਾਰਤ ਮੰਡਪਮ ਵਿੱਚ 44ਵਾਂ ਭਾਰਤ ਕੌਮਾਂਤਰੀ ਵਪਾਰ ਮੇਲਾ ਹੁਣ ਆਮ ਲੋਕਾਂ ਲਈ ਉਪਲਬਧ ਹੈ। ਇਸ ਮੇਲੇ ਵਿੱਚ ਹੁਣ ਆਮ ਪਾਸਾਂ ਦੀ ਵਰਤੋਂ ਕਰ ਕੇ ਦਾਖ਼ਲਾ ਲਿਆ ਜਾ ਸਕਦਾ ਹੈ। ਇਸ ਸਾਲ ‘ਏਕ ਭਾਰਤ: ਸ੍ਰੇਸ਼ਠ ਭਾਰਤ’ ਦੀ ਥੀਮ ਨਾਲ ਇਹ ਕੌਮਾਂਤਰੀ ਵਪਾਰ ਮੇਲਾ 14 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ 27 ਨਵੰਬਰ ਤੱਕ ਚੱਲੇਗਾ। ਮੇਲੇ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੋਵਾਂ ਦੀਆਂ ਨੀਤੀਆਂ ਅਤੇ ਪਹਿਲਕਦਮੀਆਂ ਸ਼ਾਮਲ ਹਨ। ਇਸ ਨਾਲ ‘ਸਵਦੇਸ਼ੀ’ ਬ੍ਰਾਂਡ ਉਤਪਾਦਾਂ ਦੀ ਇੱਕ ਸ਼੍ਰੇਣੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਛੋਟੇ ਕਾਰੋਬਾਰ ਜਿਨ੍ਹਾਂ ਵਿੱਚ ਐਮ ਐੱਸ ਐਮ ਹੈ ਅਤੇ ਸਥਾਨਕ ਵਿਕਰੇਤਾ ਸ਼ਾਮਲ ਹਨ। ਉਨ੍ਹਾਂ ਵੱਲੋਂ ਮੇਲੇ ਵਿੱਚ ਆਪਣੇ ਉਤਪਾਦ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ। ਇਸ ਮੇਲੇ ’ਚ ਦਾਖ਼ਲੇ ਦੀਆਂ ਟਿਕਟਾਂ ਦੀ ਕੀਮਤ ਦਿਨ ਦੇ ਹਿਸਾਬ ਨਾਲ 40 ਰੁਪਏ ਤੋਂ ਲੈ ਕੇ 150 ਰੁਪਏ ਤੱਕ ਹੈ। ਆਮ ਦਿਨਾਂ ’ਤੇ ਬਾਲਗਾਂ ਲਈ ਟਿਕਟ ਦੀ ਕੀਮਤ 80 ਰੁਪਏ ਹੈ। ਹਫ਼ਤੇ ਦੇ ਆਖ਼ਰੀ ਦਿਨਾਂ ਵਿੱਚ ਇਹ ਕੀਮਤ 150 ਰੁਪਏ ਵਸੂਲੀ ਜਾਂਦੀ ਹੈ। ਮੇਲੇ ਦਾ ਸਮਾਂ 27 ਨਵੰਬਰ ਤੱਕ ਸਵੇਰੇ 10 ਤੋਂ ਸ਼ਾਮ 7.30 ਵਜੇ ਤੱਕ ਹੈ। ਹਾਲਾਂਕਿ ਆਮ ਲੋਕਾਂ ਲਈ ਪ੍ਰਦਰਸ਼ਨੀ ਸਥਾਨ ਵਿੱਚ ਦਾਖ਼ਲ ਹੋਣ ਦਾ ਸਮਾਂ ਸਵੇਰੇ 10 ਤੋਂ ਸ਼ਾਮ 5.30 ਵਜੇ ਤੱਕ ਹੈ। ਬੱਚਿਆਂ ਲਈ ਉਮਰ ਸੀਮਾ ਪੰਜ ਤੋਂ 12 ਸਾਲ ਤੱਕ ਹੈ। ਇਸ ਮੇਲੇ ਵਿੱਚ ਦਾਖ਼ਲੇ ਲਈ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟਿਕਟਾਂ ਦੀ ਲੋੜ ਨਹੀਂ ਹੈ।
