ਅੱਲੜ ਦੇ ਕਤਲ ਮਗਰੋਂ ਕੌਮੀ ਰਾਜਧਾਨੀ ’ਚ ਪ੍ਰਦਰਸ਼ਨ
ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 18 ਅਪਰੈਲ
ਪੁਲੀਸ ਨੇ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਇਲਾਕੇ ’ਚ 17 ਸਾਲਾ ਲੜਕੇ ਦੀ ਚਾਕੂ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਹੈ। ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ, ਜਦਕਿ ਪੀੜਤਾ ਦੀ ਮਾਂ ਨੇ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਛਾਪੇ ਮਾਰੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਵੀਰਵਾਰ ਰਾਤ ਨੂੰ ਵਾਪਰੀ ਸੀ। ਮ੍ਰਿਤਕ ਦੀ ਪਛਾਣ ਕੁਨਾਲ ਵਜੋਂ ਹੋਈ ਹੈ, ਉਹ ਆਪਣੇ ਪਰਿਵਾਰ ਨਾਲ ਨਿਊ ਸੀਲਮਪੁਰ ਵਿੱਚ ਰਹਿੰਦਾ ਸੀ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਕਤਲ ਦੀ ਸਾਜ਼ਿਸ਼ ‘ਲੇਡੀ ਡੋਨ’ ਕਹੀ ਜਾਣ ਵਾਲੀ ਮਹਿਲਾ ਨੇ ਰਚੀ ਸੀ, ਜੋ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੀ ਸੀ। ਸੂਤਰਾਂ ਨੇ ਦੱਸਿਆ,‘‘ ਉਹ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣਾ ਗਰੋਹ ਬਣਾਇਆ ਸੀ। ਉਹ ਹਾਲ ਹੀ ’ਚ ਜੇਲ੍ਹ ਵੀ ਗਈ ਸੀ।’’
ਕਤਲ ਤੋਂ ਬਾਅਦ ਇਲਾਕੇ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ, ਜਿਸ ਤੋਂ ਬਾਅਦ ਪੁਲੀਸ ਨੇ ਸੁਰੱਖਿਆ ਵਧਾ ਦਿੱਤੀ ਹੈ। ਮੁੱਖ ਮੰਤਰੀ ਰੇਖਾ ਗੁਪਤਾ ਅਤੇ ਪੁਲੀਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਜਾਰੀ ਰੱਖਣ ਲਈ ਸ਼ਾਂਤੀ ਦੀ ਅਪੀਲ ਕਰਦਿਆਂ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰੀ ਕਰਨ ਦਾ ਭਰੋਸਾ ਦਿੱਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਸੀਲਮਪੁਰ ਪੁਲੀਸ ਸਟੇਸ਼ਨ ’ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਆਤਿਸ਼ੀ ਨੇ ਅਮਿਤ ਸ਼ਾਹ ’ਤੇ ਨਿਸ਼ਾਨੇ ਸੇਧੇ
ਇਸ ਕਤਲ ਮਗਰੋਂ ਦਿੱਲੀ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾ ਕੇ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਉਪਰ ਉਂਗਲ ਚੁੱਕੀ ਗਈ ਹੈ। ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਐਕਸ ਉਪਰ ਡੱਬਲ ਇੰਜਣ ਸਰਕਾਰ ਦਾ ਮਿਹਣਾ ਦਿੰਦੇ ਹੋਏ ਸਵਾਲ ਚੁੱਕਿਆ। ਸੀਲਮਪੁਰ ਵਿੱਚ ਇੱਕ 17 ਸਾਲਾ ਨੌਜਵਾਨ ਦਾ ਕਤਲ ਦਿੱਲੀ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਇਕ ਹੋਰ ਮਿਸਾਲ ਹੈ। ਦਿੱਲੀ ਪੁਲੀਸ ਕੀ ਕਰ ਰਹੀ ਹੈ? ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਕਰ ਰਹੇ ਹਨ? ਡਬਲ ਇੰਜਣ ਵਾਲੀ ਸਰਕਾਰ ਕੀ ਕਰ ਰਹੀ ਹੈ?’’ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੁੰਦੀਆਂ ਵਾਰਦਾਤਾਂ ਨੂੰ ਲੈ ਕੇ ਵੀ ‘ਆਪ’ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਜਾਂਦਾ ਰਿਹਾ ਸੀ। ਦਿੱਲੀ ਪੁਲੀਸ ਕੌਮੀ ਰਾਜਧਾਨੀ ਦਿੱਲੀ ਦੇ ਉਪ ਰਾਜਪਾਲ ਰਾਹੀਂ ਸਿੱਧੀ ਕੇਦਰ ਸਰਕਾਰ ਨਾਲ ਜੁੜੀ ਹੋਈ ਹੈ। ਉਧਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੀਲਮਪੁਰ ਵਿੱਚ ਚਾਕੂ ਮਾਰ ਕੇ ਕਤਲ ਕੀਤੇ ਗਏ 17 ਸਾਲਾ ਕੁਨਾਲ ਨੂੰ ਇਨਸਾਫ਼ ਦਾ ਭਰੋਸਾ ਉਸ ਦੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੂੰ ਦਿੱਤਾ ਹੈ।