ਮੋਦੀ ਦੇ ਜਨਮ ਦਿਨ ਮੌਕੇ ਲਾਵਾਰਸ ਪਸ਼ੂਆਂ ਦੇ ਹੱਕ ’ਚ ਪ੍ਰਦਰਸ਼ਨ
ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਦਿੱਲੀ ਵਿੱਚ ਸੜਕਾਂ ਉੱਪਰ ਗੰਦਗੀ ਨਾਲ ਭਰੀਆਂ ਥਾਵਾਂ ’ਤੇ ਭਟਕ ਰਹੇ ਲਾਵਾਰਸ ਪਸ਼ੂਆਂ ਨੂੰ ਆਸਰਾ ਮੁਹੱਈਆ ਕਰਵਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ। ‘ਆਪ’ ਦੇ ਦਿੱਲੀ ਸੂਬਾ ਕਨਵੀਨਰ ਸੌਰਭ ਭਾਰਦਵਾਜ ਦੀ ਅਗਵਾਈ ਹੇਠ ਮੁਹਿੰਮ ਤਹਿਤ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਿਵਾਸ ਸਥਾਨ ਤੱਕ ਇੱਕ ਗਾਂ ਨਾਲ ਮਾਰਚ ਕੀਤਾ ਗਿਆ।
ਰਸਤੇ ਵਿੱਚ ਮਿਲੇ ਲਾਵਾਰਸ ਪਸ਼ੂਆਂ ਦੇ ਗਲਾਂ ਵਿੱਚ ਨਾਹਰੇ ਲਿਖੇ ਪੱਟੇ ਪਾਏ ਗਏ। ਨਾਹਰੇ ਵਿੱਚ ਲਿਖਿਆ ਸੀ, ‘ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ, ਲਾਵਾਰਸ ਪਸ਼ੂ ਪੁੱਛ ਰਹੇ ਨੇ ਕਿ ਸਾਨੂੰ ਆਪਣੇ ਘਰ ਕਦੋਂ ਮਿਲਣਗੇ?’
ਇਸ ਮੌਕੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਮੈਂਬਰ ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਕੇਕ ਖਾ ਰਹੇ ਹਨ, ਪਰ ਲਾਵਾਰਸ ਪਸ਼ੂ ਹਰ ਜਗ੍ਹਾ ਕੂੜਾ ਖਾ ਰਹੇ ਹਨ। ਭਾਰਦਵਾਜ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਭਾਜਪਾ ਸਰਕਾਰ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲਾਵਾਰਸ ਪਸ਼ੂਆਂ ਪ੍ਰਤੀ ਹਮਦਰਦੀ ਦਿਖਾਉਣ ਅਤੇ ਉਨ੍ਹਾਂ ਨੂੰ ਆਸਰਾ ਘਰਾਂ ਵਿੱਚ ਭੇਜ ਕੇ ਉਨ੍ਹਾਂ ਦੇ ਚਾਰੇ ਦਾ ਪ੍ਰਬੰਧ ਕਰਨ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮੋਦੀ ਦੇ ਜਨਮਦਿਨ ਮੌਕੇ ਕੂੜਾ ਖਾ ਰਹੇ ਲਾਵਾਰਸ ਪਸ਼ੂ: ਭਾਰਦਵਾਜ
ਪ੍ਰਦਰਸ਼ਨ ਦੌਰਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਇਸ ਮੌਕੇ ਭਾਜਪਾ ਮੈਂਬਰ ਕੇਕ ਖਾ ਰਹੇ ਹਨ, ਕਈ ਤਰ੍ਹਾਂ ਦੇ ਪਕਵਾਨ ਖਾ ਰਹੇ ਹਨ, ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲਾਵਾਰਸ ਪਸ਼ੂ ਕੂੜਾ ਖਾ ਰਹੇ ਹਨ। ਉਹ ਪਲਾਸਟਿਕ ਦੇ ਲਾਫ਼ਾਫੇ ਖਾ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਪੇਟ ਫੁੱਲ ਜਾਂਦੇ ਹਨ ਅਤੇ ਉਹ ਦਰਦਨਾਕ ਮੌਤਾਂ ਮਰ ਰਹੇ ਹਨ। ਸੌਰਭ ਭਾਰਦਵਾਜ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਗਾਂ ਨੂੰ ਮਾਂ ਮੰਨਿਆ ਜਾਂਦਾ ਹੈ। ਅੱਜ ਉਹ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਇਨ੍ਹਾਂ ਲਾਵਾਰਸ ਪਸ਼ੂਆਂ ਨੂੰ ਆਸਰਾ ਘਰਾਂ ਵਿੱਚ ਭੇਜਿਆ ਜਾਵੇ। ਜਦੋਂ ਕਿ ਮੋਦੀ ਦੇ ਜਨਮ ਦਿਨ ਦੇ ਜਸ਼ਨਾਂ ’ਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ, ਜੇਕਰ ਗਊ ਆਸ਼ਰਮ ’ਤੇ ਥੋੜ੍ਹਾ ਜਿਹਾ ਪੈਸਾ ਖਰਚ ਕੀਤਾ ਜਾਵੇ, ਤਾਂ ਹਜ਼ਾਰਾਂ ਗਊਆਂ ਨੂੰ ਘਰ ਮਿਲ ਸਕਦਾ ਹੈ।