ਪਾਣੀ ਦੀ ਕਿੱਲਤ ਖ਼ਿਲਾਫ਼ ਮੁਜ਼ਾਹਰਾ
ਵਿਧਾਨ ਸਭਾ ਹਲਕਾ ਦਿਓਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਪਾਣੀ ਕਿੱਲਤ ਕਾਰਨ ਸਥਾਨਕ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਭਾਜਪਾ ਦੀ ਚਾਰ-ਇੰਜਣ ਵਾਲੀ ਸਰਕਾਰ ਦਿੱਲੀ ਵਾਸੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਹੈ। ਭਾਜਪਾ ਸਰਕਾਰ ਨੇ ਦਿਓਲੀ ਖੇਤਰ ’ਚ ਪਾਣੀ ਵਾਲੇ ਟੈਂਕਰ ਬੰਦ ਕਰ ਦਿੱਤੇ ਹਨ। ਇਸ ਦੌਰਾਨ ਦਿਓਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੇਮ ਚੌਹਾਨ ਦੀ ਅਗਵਾਈ ਵਿੱਚ ਸਥਾਨਕ ਲੋਕਾਂ ਨੇ ਭਾਜਪਾ ਸਰਕਾਰ ਅਤੇ ਜਲ ਮੰਤਰੀ ਪਰਵੇਸ਼ ਵਰਮਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਾਂ ਟੈਂਕਰਾਂ ਦੀ ਬਹਾਲੀ ਜਾਂ ਪਾਈਪਲਾਈਨਾਂ ਰਾਹੀਂ ਪਾਣੀ ਦੀ ਸਪਲਾਈ ਦੀ ਮੰਗ ਕੀਤੀ। ਇਸ ਮੌਕੇ ਦਿੱਲੀ ਪੁਲੀਸ ਨੇ ‘ਆਪ’ ਵਰਕਰਾਂ ਸਮੇਤ ਕਈ ਸਥਾਨਕ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਠੰਢ ਦੇ ਮੌਸਮ ਵਿੱਚ ਪਾਣੀ ਦੇ ਸੰਕਟ ਬਾਰੇ ‘ਆਪ’ ਦੇ ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸੰਗਮ ਵਿਹਾਰ (ਦਿਓਲੀ ਵਿਧਾਨ ਸਭਾ ਹਲਕਾ) ਵਿੱਚ ਪਾਣੀ ਦੇ ਟੈਂਕਰ ਬੰਦ ਕਰ ਦਿੱਤੇ ਦਿੱਤੇ ਹਨ। ਲੋਕ ਬਹੁਤ ਦੁਖੀ ਹਨ। ਪਾਣੀ ਦੀ ਭਾਰੀ ਕਿੱਲਤ ਹੈ। ਉਨ੍ਹਾਂ ਸਵਾਲ ਕੀਤਾ ਕਿ ਯਮੁਨਾ ਵਿੱਚ ਇੰਨਾ ਜ਼ਿਆਦਾ ਪਾਣੀ (ਪੀਣਯੋਗ) ਹੋਣ ਦੇ ਬਾਵਜੂਦ ਦਿੱਲੀ ਵਿੱਚ ਪਾਣੀ ਦੀ ਇੰਨੀ ਕਮੀ ਕਿਉਂ ਹੈ। ਚੋਣਾਂ ਦੌਰਾਨ ਲੋਕਾਂ ਨੂੰ 1,100 ਰੁਪਏ ਦੇਣ ਦਾ ਵਾਅਦਾ ਕਰਨ ਵਾਲੇ ਪ੍ਰਵੇਸ਼ ਵਰਮਾ ਜਲ ਮੰਤਰੀ ਹਨ ਅਤੇ ਹੁਣ ਲੋਕ ਉਨ੍ਹਾਂ ਦੇ ਰਾਜ ਵਿੱਚ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੇ ਟੈਂਕਰ ਬਹਾਲ ਨਾ ਕੀਤੇ ਗਏ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
 
 
             
            