‘ਆਪ’ ਵੱਲੋਂ ਅੰਬੇਡਕਰ ਸਕੂਲ ਦਾ ਨਾਮ ਬਦਲਣ ’ਤੇ ਮੁਜ਼ਾਹਰਾ
ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੌਰਾਨ ਦਿੱਲੀ ਵਿੱਚ ਸਥਾਪਿਤ ਕੀਤੇ ਡਾ. ਭੀਮ ਰਾਓ ਅੰਬੇਡਕਰ ਸਕੂਲ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦਾ ਨਾਮ ਬਦਲ ਕੇ ਸੀਐੱਮ ਸ੍ਰੀ ਰੱਖਣ ’ਤੇ ਭਾਜਪਾ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ। ਆਪ ਵਰਕਰਾਂ ਨੇ ਕੋਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਦੀ ਅਗਵਾਈ ਵਿੱਚ ਲਾਜਪਤ ਨਗਰ ਵਿੱਚ ਸਪੈਸ਼ਲਾਈਜ਼ਡ ਐਕਸੀਲੈਂਸ ਸਕੂਲ ਦੇ ਬਾਹਰ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬਾਬਾ ਸਾਹਿਬ ਦੇ ਨਾਮ ਵਾਲਾ ਬੋਰਡ ਦੁਬਾਰਾ ਲਗਾ ਦਿੱਤਾ। ਆਮ ਆਦਮੀ ਪਾਰਟੀ ਨੇ ਦਿੱਲੀ ਸਰਕਾਰ ਦੀ ਇਸ ਕਾਰਵਾਈ ਨੂੰ ‘ਕ੍ਰੈਡਿਟ ਚੋਰੀ’ ਕਰਨ ਵਾਲੀ ਸਰਕਾਰ ਕਿਹਾ ਹੈ। ਇਸ ਦੌਰਾਨ ‘ਆਪ’ ਦਿੱਲੀ ਦੇ ਸੂਬਾ ਕਨਵੀਨਰ ਸੌਰਭ ਭਾਰਦਵਾਜ ਨੇ ਡਾ. ਅੰਬੇਡਕਰ ਸਕੂਲ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਤੇ ਸੀਐਮ ਸ੍ਰੀ ਨਾਮ ਵਾਲੇ ਬੋਰਡ ਦੀ ਸੋਸ਼ਲ ਮੀਡੀਆ ’ਤੇ ਇੱਕ ਫੋਟੋ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਹੈ। ਭਾਜਪਾ ਸਰਕਾਰ ਕੋਲ ਕਰਨ ਲਈ ਕੁਝ ਨਵਾਂ ਨਹੀਂ ਹੈ, ਇਹ ਸਿਰਫ਼ ਨਾਮ ਬਦਲ ਰਹੀ ਹੈ ਅਤੇ ਕ੍ਰੈਡਿਟ ਚੋਰੀ ਕਰ ਰਹੀ ਹੈ। ਕੀ ਰੇਖਾ ਗੁਪਤਾ ਬਾਬਾ ਸਾਹਿਬ ਅੰਬੇਡਕਰ ਤੋਂ ਵੱਡੇ ਹਨ ਹੈ?’’
ਇਸ ਦੌਰਾਨ ਲਾਜਪਤ ਨਗਰ ਵਿੱਚ ਡਾ. ਭੀਮ ਰਾਓ ਅੰਬੇਡਕਰ ਸਕੂਲ ਆਫ਼ ਐਕਸੀਲੈਂਸ ਦੇ ਬਾਹਰ ‘ਆਪ’ ਵਰਕਰਾਂ ਨਾਲ ਵਿਰੋਧ ਪ੍ਰਦਰਸ਼ਨ ਦੌਰਾਨ ਕੁਲਦੀਪ ਕੁਮਾਰ ਨੇ ਕਿਹਾ ਕਿ ਦਲਿਤ ਵਿਰੋਧੀ ਅਤੇ ਨਫ਼ਰਤ ਨਾਲ ਭਰੀ ਭਾਜਪਾ ਸਰਕਾਰ ਨੇ ਅੰਬੇਡਕਰ ਦੇ ਜਨਮ ਦਿਵਸ ਮੌਕੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੁਆਰਾ ਸਥਾਪਿਤ ਸ਼ਾਨਦਾਰ ਸਕੂਲਾਂ ਵਿੱਚੋਂ ਇੱਕ ਬਾਬਾ ਸਾਹਿਬ ਦੇ ਨਾਮ ਵਾਲਾ ਬੋਰਡ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਸਾਹਮਣੇ ‘ਡਾ. ਬੀ.ਆਰ. ਅੰਬੇਡਕਰ’ ਲਿਖਿਆ ਬੋਰਡ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ‘ਸੀਐੱਮ ਸ੍ਰੀ’ ਲਗਾ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਪੁੱਛਿਆ ਕਿ ਕੀ ਮੁੱਖ ਮੰਤਰੀ ਦਾ ਨਾਮ ਬਾਬਾ ਸਾਹਿਬ ਅੰਬੇਡਕਰ ਤੋਂ ਵੱਡਾ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ਬਾਬਾ ਸਾਹਿਬ ਦੇ ਬਰਾਬਰ ਨਹੀਂ ਹੋ ਸਕਦੇ। ਉਨ੍ਹਾਂ ਆਖਿਆ ਕਿ ਭਾਜਪਾ ਆਗੂਆਂ ਦੀਆਂ ਸੱਤ ਪੀੜ੍ਹੀਆਂ ਇਕੱਠੀਆਂ ਹੋ ਕੇ ਵੀ ਉਹ ਬਾਬਾ ਸਾਹਿਬ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
