ਅਮਰਜੀਤ ਚੰਦਨ ਵੱਲੋਂ ਸੰਪਾਦਤ ਵਾਰਤਕ ਪੁਸਤਕ ‘ਸਿਰਲੇਖ’ ਰਿਲੀਜ਼
ਕੁਲਦੀਪ ਸਿੰਘ
ਨਵੀਂ ਦਿੱਲੀ, 11 ਫਰਵਰੀ
ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ-2025 ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ 1 ਤੋਂ 9 ਫਰਵਰੀ ਤੱਕ ਕਰਵਾਇਆ ਗਿਆ। ਇਸ ਦੌਰਾਨ ਥੀਮ ਪੈਵੇਲੀਅਨ ਵਿੱਚ ਨੈਸ਼ਨਲ ਬੁੱਕ ਟਰੱਸਟ, ਇੰਡੀਆ (ਐੱਨਬੀਟੀ) ਵੱਲੋਂ ਪੰਜਾਬੀ ਭਾਸ਼ਾ ਵਿੱਚ ਉੱਘੇ ਲੇਖਕ ਅਮਰਜੀਤ ਚੰਦਨ ਵੱਲੋਂ ਸੰਪਾਦਤ ਵਾਰਤਕ ਕਿਤਾਬ ‘ਸਿਰਲੇਖ’ ਨੂੰ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਪ੍ਰੋਫੈਸਰ ਮਨਜੀਤ ਸਿੰਘ, ਡਾ. ਵਨੀਤਾ ਨੇ ਮੁੱਖ ਬੁਲਾਰਿਆਂ ਵਜੋਂ ਸ਼ਮੂਲੀਅਤ ਕੀਤੀ ਅਤੇ ਮੰਚ ਸੰਚਾਲਨ ਹਰਕਮਲਪ੍ਰੀਤ ਸਿੰਘ ਨੇ ਕੀਤਾ। ਵਿਦਵਾਨਾਂ ਨੇ ਇਸ ਕਿਤਾਬ ਉੱਤੇ ਵਿਚਾਰ ਚਰਚਾ ਦੌਰਾਨ ਦੱਸਿਆ ਕਿ ਇਸ ਕਿਤਾਬ ਵਿਚ ਸ਼ਾਮਲ ਨਿਬੰਧ 20ਵੀਂ ਸਦੀ ਦੇ ਉਹ ਮਹੱਤਵਪੂਰਨ ਨਿਬੰਧ ਹਨ ਜੋ ਹੁਣ ਪ੍ਰਕਾਸ਼ਿਤ ਰੂਪ ਵਿੱਚ ਬਹੁਤ ਘੱਟ ਮਿਲਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੇਖ ਦਿਆਲ ਸਿੰਘ ਲਾਇਬਰੇਰੀ ਲਾਹੌਰ ਤੋਂ ਲਏ ਗਏ ਹਨ। ਇਹ ਕਿਤਾਬ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਮਹੱਤਵਪੂਰਨ ਦਸਤਾਵੇਜ਼ ਦਾ ਕੰਮ ਕਰੇਗੀ। ਇਸ ਮੌਕੇ ਟਰੱਸਟ ਦੇ ਚੇਅਰਮੈਨ ਮਿਲਿੰਦ ਸੁਧਾਕਰ ਮਰਾਠੇ ਵੱਲੋਂ ਪ੍ਰੋਗਰਾਮਾਂ ’ਚ ਸ਼ਾਮਲ ਪ੍ਰੋ. ਮਨਜੀਤ ਸਿੰਘ, ਡਾ. ਵਨੀਤਾ ਅਤੇ ਹਰਕਮਲਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਨੈਸ਼ਨਲ ਬੁੱਕ ਟਰੱਸਟ ਵੱਲੋਂ ਇਹ ਕਿਤਾਬ ਕਲਾਸਿਕ ਸੀਰੀਜ਼ ਦੇ ਅੰਤਰਗਤ ਪ੍ਰਕਾਸ਼ਿਤ ਕੀਤੀ ਗਈ ਹੈ। ਵਿਦਿਆਰਥੀਆਂ ਤੇ ਖੋਜ ਵਿਦਿਆਰਥੀਆਂ ਲਈ ਇਹ ਬਾਪ ਦਾਦੇ ਦੀ ਵਿਰਾਸਤ ਵਰਗੀ ਕਿਤਾਬ ਹੈ।