ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸਹਿਰੇ ’ਤੇ ਪੂਰਬੀ ਦਿੱਲੀ ਵਿੱਚ ਯਮੁਨਾਪਾਰ ਵਿੱਚ ਆਈਪੀ ਐਕਸਟੈਂਸ਼ਨ ਦੇ ਉਤਸਵ ਮੈਦਾਨ ਵਿੱਚ ਆਯੋਜਿਤ ਰਾਮਲੀਲਾ ਵਿੱਚ ਰਾਵਣ ਦਾ ਪੁਤਲਾ ਸਾੜਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ ਐੱਮ ਓ) ਨੇ ਇਸ ਸਬੰਧੀ ਇਜਾਜ਼ਤ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਖੁਫੀਆ ਤੰਤਰ ਸਰਗਰਮ ਹੋ ਗਿਆ ਹੈ ਅਤੇ ਦਿੱਲੀ ਪੁਲੀਸ ਸਣੇ ਅਹਿਮ ਖੁਫੀਆ ਏਜੰਸੀਆਂ ਨੇ ਯਮੁਨਾ ਪਾਰ ਦੇ ਇਲਾਕੇ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਹੈ ਕਿਉਂਕਿ ਦਸਹਿਰਾ 2 ਅਕਤੂਬਰ ਨੂੰ ਹੈ। ਸੁਰੱਖਿਆ ਤਿਆਰੀਆਂ ਦੇ ਮੱਦੇਨਜ਼ਰ ਟਾਈਮ ਘੱਟ ਹੈ।ਇਸ ਦੌਰਾਨ ਦਿੱਲੀ ਪੁਲੀਸ ਅਤੇ ਪ੍ਰਸ਼ਾਸਨ ਨੇ ਚਾਰਜ ਸੰਭਾਲ ਲਿਆ ਹੈ। ਕਮੇਟੀ ਨੂੰ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਰਾਮ ਲੀਲਾ ਵਿੱਚ ਪ੍ਰਦਰਸ਼ਿਤ ਇਸ਼ਤਿਹਾਰਾਂ ਨੂੰ ਕਵਰ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੂੰ ਤਿੰਨ-ਪੱਧਰੀ ਸੁਰੱਖਿਆ ਦਿੱਤੀ ਜਾਵੇਗੀ। ਉੱਚੀਆਂ ਇਮਾਰਤਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਨਾਜ਼ੁਕ ਥਾਵਾਂ ਉੱਪਰ ਸੁਰੱਖਿਆ ਬੰਦੋਬਸਤ ਵਧਾਏ ਜਾਣਗੇ। ਦਰਸ਼ਕਾਂ ਨੂੰ ਸਿਰਫ਼ ਸੱਦਾ ਪੱਤਰਾਂ ਨਾਲ ਹੀ ਪ੍ਰਵੇਸ਼ ਦਿੱਤਾ ਜਾਵੇਗਾ। ਇਸ ਤਰ੍ਹਾਂ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਮੁੱਖ ਆਗੂਆਂ ਅਤੇ ਦਿੱਲੀ ਤੋਂ ਸਾਰੇ ਸੱਤ ਸੰਸਦ ਮੈਂਬਰਾਂ ਨੇ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਸਾਂਭ ਲਈਆਂ ਹਨ। ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਇਨ੍ਹਾਂ ਦਿਨਾਂ ਦੌਰਾਨ ਸੇਵਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜੋ ਪ੍ਰਧਾਨ ਮੰਤਰੀ ਦੇ ਜਨਮਦਿਨ ਨਾਲ ਸਬੰਧਤ ਹੈ। ਆਮ ਕਰਕੇ ਪਹਿਲਾਂ ਲਾਲ ਕਿਲ੍ਹੇ ਦੇ ਸਾਹਮਣੇ ਵਾਲੇ ਮੈਦਾਨ ਜਾਂ ਰਾਮ ਲੀਲਾ ਮੈਦਾਨ ਵਿੱਚ ਪ੍ਰਧਾਨ ਮੰਤਰੀ ਜਾਂ ਹੋਰ ਉੱਚ ਆਗੂ ਦਸਹਿਰਾ ਮਨਾਉਣ ਦੌਰਾਨ ਰਾਵਣ ਅਤੇ ਉਸ ਦੇ ਸਾਥੀਆਂ ਦੇ ਪੁਤਲੇ ਫੂਕਦੇ ਆਏ ਹਨ।