ਦਿੱਲੀ ਦੀ ਮਾੜੀ ਹਾਲਤ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ: ਰੇਖਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਉਹ ਕੌਮੀ ਰਾਜਧਾਨੀ ਦੇ ਵੱਡੇ ਹਿੱਸਿਆਂ ਵਿੱਚ ਦਹਾਕਿਆਂ ਦੇ ਸ਼ਾਸਨ ਦੇ ਬਾਵਜੂਦ ਜ਼ਰੂਰੀ ਨਾਗਰਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਿੱਚ ਅਸਫ਼ਲ ਰਹੀਆਂ ਹਨ। 70 ਨਵੇਂ ‘ਅਰੋਗਿਆ ਆਯੁਸ਼ਮਾਨ ਮੰਦਰਾਂ’ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਅੱਧੇ ਹਿੱਸੇ ਵਿੱਚ ਹਾਲੇ ਵੀ ਪਾਣੀ ਅਤੇ ਸੀਵਰੇਜ ਲਾਈਨਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਗੁਪਤਾ ਨੇ ਕਿਹਾ, ‘‘ਜਦੋਂ ਮੈਂ ਇਨ੍ਹਾਂ ਖੇਤਰਾਂ ਵਿੱਚੋਂ ਲੰਘਦੀ ਹਾਂ, ਤਾਂ ਮੈਨੂੰ ਕੁਝ ਵੀ ਬਦਲਿਆ ਨਹੀਂ ਦਿਖਾਈ ਦਿੰਦਾ। ਕਾਂਗਰਸ ਦੇ 15 ਸਾਲ ਅਤੇ ‘ਆਪ’ ਸਰਕਾਰ ਦੇ 11 ਸਾਲਾਂ ਬਾਅਦ ਵੀ ਸਥਿਤੀ ਉਹੀ ਹੈ। ਪਾਣੀ ਦੇ ਟੈਂਕਰ ਅੱਜ ਵੀ ਪਾਣੀ ਦੀ ਸਪਲਾਈ ਕਰ ਰਹੇ ਹਨ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੀ ਰਾਜਧਾਨੀ ਦੀ ਇਹ ਹਾਲਤ ਹੈ।’’ ਉਨ੍ਹਾਂ ਦੱਸਿਆ ਕਿ 27 ਸਾਲਾਂ ਬਾਅਦ ਪਾਣੀ ਦੀ ਘਾਟ ਦੂਰ ਕਰਨ ਲਈ ਮੁੱਖ ਪਾਈਪਲਾਈਨਾਂ ਦੀ ਮੁਰੰਮਤ ਦਾ ਕੰਮ ਆਖ਼ਰਕਾਰ ਸ਼ੁਰੂ ਹੋ ਗਿਆ ਹੈ, ਕਿਉਂਕਿ ਪੂਰਾ ਸਿਸਟਮ ਅਜੇ ਵੀ 1973 ਦੇ ਮਾਸਟਰ ਪਲਾਨ ’ਤੇ ਚੱਲ ਰਿਹਾ ਹੈ। ਵਿਧਾਇਕਾਂ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਵਿਧਾਇਕ ਕਾਗਜ਼ਾਂ ’ਤੇ 5 ਕਰੋੜ ਦੇ ਫੰਡ ਤਾਂ ਦਿਖਾਉਂਦੇ ਹਨ, ਪਰ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ ਲਈ ਸਹੀ ਯੋਜਨਾਬੰਦੀ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇ ਸਹੀ ਯੋਜਨਾਬੰਦੀ ਹੋਵੇ ਤਾਂ ਵਿਕਾਸ ਲਈ ਪੈਸੇ ਦੀ ਕਦੇ ਕਮੀ ਨਹੀਂ ਆਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਜਲਦੀ ਹੀ ਘੰਟਾ ਘਰ-ਆਜ਼ਾਦਪੁਰ ਕੋਰੀਡੋਰ ਸਮੇਤ ਮੁੱਖ ਇਤਿਹਾਸਕ ਖੇਤਰਾਂ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰੇਗੀ।
ਮੁਹੱਲਾ ਕਲੀਨਿਕਾਂ ਨੂੰ ਇਸ਼ਤਿਹਾਰਬਾਜ਼ੀ ਦਾ ਸਾਧਨ ਕਰਾਰ
ਪਿਛਲੀ ‘ਆਪ’ ਸਰਕਾਰ ਦੇ ਮੁਹੱਲਾ ਕਲੀਨਿਕ ਮਾਡਲ ਬਾਰੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਸ ਵਿੱਚ ਲੋੜੀਂਦੀਆਂ ਸਹੂਲਤਾਂ ਦੀ ਘਾਟ ਸੀ ਅਤੇ ਇਹ ਮੁੱਖ ਤੌਰ ’ਤੇ ਇਸ਼ਤਿਹਾਰਬਾਜ਼ੀ ਦਾ ਸਾਧਨ ਬਣ ਕੇ ਰਹਿ ਗਿਆ ਸੀ। ਇਸ ਦੇ ਉਲਟ ਨਵੇਂ ਉਦਘਾਟਨ ਕੀਤੇ ਗਏ 1,200 ‘ਆਯੁਸ਼ਮਾਨ ਮੰਦਰ’ ਇੱਕੋ ਛੱਤ ਹੇਠ ਡਾਇਗਨੌਸਟਿਕ ਸੇਵਾਵਾਂ, ਦਵਾਈਆਂ ਅਤੇ ਜ਼ਰੂਰੀ ਸਿਹਤ ਸੰਭਾਲ ਮੁਹੱਈਆ ਕਰਵਾਉਣਗੇ। ਇਸ ਤੋਂ ਇਲਾਵਾ ਸਰਕਾਰ ਨੇ ‘ਜਨ ਔਸ਼ਧੀ ਕੇਂਦਰ’ ਵੀ ਸ਼ੁਰੂ ਕੀਤੇ ਹਨ, ਤਾਂ ਜੋ ਲੋਕਾਂ ਨੂੰ 90 ਫੀਸਦੀ ਤੱਕ ਦੀ ਛੋਟ ’ਤੇ ਦਵਾਈਆਂ ਮਿਲ ਸਕਣ।
