ਯਮੁਨਾ ’ਚ ਸਫੈਦ ਝੱਗ ਦੀ ਸਮੱਸਿਆ ਹੱਲ ਕਰਨ ਦੀ ਤਿਆਰੀ
ਯਮੁਨਾ ਨਦੀ ਵਿੱਚ ਪਾਣੀ ਉੱਪਰ ਸਫੈਦ ਝੱਗ ਦੀ ਸਮੱਸਿਆ ਕਈ ਸਾਲਾਂ ਤੋਂ ਬਣੀ ਹੋਈ ਹੈ ਅਤੇ ਛੱਠ ਦੇ ਤਿਉਹਾਰ ਦੌਰਾਨ ਸਫੈਦ ਝੱਗ ਸ਼ਰਧਾਲੂਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਹਰ ਵਰ੍ਹੇ ਦਿੱਲੀ ਵਿੱਚ ਛੱਠ ਪੂਜਾ ਦੌਰਾਨ, ਯਮੁਨਾ ਨਦੀ ਵਿੱਚ ਗੰਦਗੀ ਅਤੇ ਝੱਗ ਦੀ ਸਮੱਸਿਆ ਛੱਠ ਸ਼ਰਧਾਲੂਆਂ ਲਈ ਮੁਸ਼ਕਲਾਂ ਦਾ ਕਾਰਨ ਬਣਦੀ ਹੈ। ਯਮੁਨਾ ਦੀ ਝੱਗ ਨੂੰ ਲੈ ਕੇ ਪਿਛਲੀ ਸਰਕਾਰ ਵੇਲੇ ਸਿਆਸਤ ਵੀ ਜ਼ੋਰਾਂ ’ਤੇ ਹੋਈ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਦਿੱਲੀ ਸਰਕਾਰ ਨੇ ਯਮੁਨਾ ਨਦੀ ਵਿੱਚ ਗਾਰਾ ਅਤੇ ਕਬਜ਼ੇ ਦਾ ਮੁਲਾਂਕਣ ਕਰਨ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਕੇ ਇੱਕ ਸਰਵੇਖਣ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਰਵੇਖਣ ਦੇ ਅਧਾਰ ’ਤੇ ਗਾਰਾ ਕੱਢਣ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਕੇਂਦਰੀ ਜਲ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ ਯਮੁਨਾ ਵਿੱਚ ਗਾਰਾ ਅਤੇ ਕਬਜ਼ੇ ਕਾਰਨ, ਹਥਨੀਕੁੰਡ ਬੈਰਾਜ ਤੋਂ ਛੱਡਿਆ ਜਾਣ ਵਾਲਾ ਪਾਣੀ ਪਹਿਲਾਂ ਨਾਲੋਂ ਤੇਜ਼ੀ ਨਾਲ ਦਿੱਲੀ ਪਹੁੰਚ ਰਿਹਾ ਹੈ, ਜਿਸ ਨਾਲ ਹੜ੍ਹਾਂ ਦਾ ਖ਼ਤਰਾ ਵੱਧ ਰਿਹਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ, ਦਿੱਲੀ ਸਰਕਾਰ ਨੇ ਪੱਲਾ ਤੋਂ ਜੈਤਪੁਰ ਤੱਕ ਯਮੁਨਾ ਦੇ 48 ਕਿਲੋਮੀਟਰ ਦੇ ਹਿੱਸੇ ਦਾ ਸਰਵੇਖਣ ਕਰਨ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਨਜਫਗੜ੍ਹ ਡਰੇਨ ਦਾ ਵੀ ਸਰਵੇਖਣ ਕੀਤਾ ਜਾਵੇਗਾ। ਸਰਵੇਖਣ ਨਦੀ ਦੇ ਤਲ ਦੀ ਸਥਿਤੀ ਦਾ ਪਤਾ ਲਗਾਏਗਾ, ਨਦੀ ਦੇ ਹੜ੍ਹ ਵਾਲੇ ਮੈਦਾਨ ਅਤੇ ਆਲੇ ਦੁਆਲੇ ਦੀਆਂ ਭੂਗੋਲਿਕ ਸਥਿਤੀਆਂ ਬਾਰੇ ਵੀ ਜਾਣਕਾਰੀ ਪਤਾ ਕਰੇਗਾ। ਇਹ ਕੰਮ ਟੈਂਡਰ ਦਿੱਤੇ ਜਾਣ ਤੋਂ ਬਾਅਦ ਅੱਠ ਮਹੀਨਿਆਂ ਦੇ ਅੰਦਰ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ ਨਜਫਗੜ੍ਹ ਡਰੇਨ ਦਾ ਵੀ ਸਰਵੇਖਣ ਕੀਤਾ ਜਾਵੇਗਾ।