ਸਰਕਾਰੀ ਹਸਪਤਾਲ ਨਿੱਜੀ ਹੱਥਾਂ ’ਚ ਦੇਣ ਦੀ ਤਿਆਰੀ: ਭਾਰਦਵਾਜ
‘ਆਪ’ ਨੇ ਸ਼ਾਲੀਮਾਰ ਬਾਗ ਹਸਪਤਾਲ ਸ਼ੁਰੂ ਨਾ ਕਰਨ ’ਤੇ ਚੁੱਕੇ ਸਵਾਲ
ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਭਾਜਪਾ ਸਰਕਾਰ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ, ਜੋ ਪੂਰੀ ਤਰ੍ਹਾਂ ਤਿਆਰ 1,470 ਬਿਸਤਰਿਆਂ ਵਾਲੇ ਸ਼ਾਲੀਮਾਰ ਬਾਗ਼ ਹਸਪਤਾਲ ਨੂੰ ਚਾਲੂ ਕਰਨ ਵਿੱਚ ਅਸਫਲ ਰਹੀ ਹੈ, ਹੁਣ ਦਿੱਲੀ ਦੇ ਨਵੇਂ ਬਣੇ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਸੰਸਥਾਵਾਂ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ।
ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੌਰਭ ਭਾਰਦਵਾਜ ਨੇ ਇਸ ਕਦਮ ਨੂੰ ਦਿੱਲੀ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਜੇ ਜਨਤਾ ਦੇ ਕਰੋੜਾਂ ਰੁਪਏ ਨਾਲ ਜਨਤਕ ਜ਼ਮੀਨ ’ਤੇ ਬਣੇ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ, ਤਾਂ ਆਮ ਨਾਗਰਿਕਾਂ ਨੂੰ ਮੁਫ਼ਤ ਇਲਾਜ ਕਿਵੇਂ ਮਿਲੇਗਾ?
ਉਨ੍ਹਾਂ ਕਿਹਾ, ‘ਇਹ ਸਿਰਫ਼ ਸ਼ਾਲੀਮਾਰ ਬਾਗ਼ ਦੇ ਇੱਕ ਹਸਪਤਾਲ ਦਾ ਮਾਮਲਾ ਨਹੀਂ ਹੈ। ਅਰਵਿੰਦ ਕੇਜਰੀਵਾਲ ਸਰਕਾਰ ਨੇ ਲਗਭਗ 24 ਹਸਪਤਾਲਾਂ ਦਾ ਕੰਮ ਸ਼ੁਰੂ ਕੀਤਾ ਸੀ, ਜਿਨ੍ਹਾਂ ਨਾਲ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਹਜ਼ਾਰਾਂ ਨਵੇਂ ਬਿਸਤਰੇ ਜੁੜਨੇ ਸਨ। ਪਰ ਹੁਣ ਸਾਨੂੰ ਜਾਣਕਾਰੀ ਮਿਲੀ ਹੈ ਕਿ ਭਾਜਪਾ ਸਰਕਾਰ ਇਨ੍ਹਾਂ ਨਵੇਂ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਯੋਜਨਾ ਬਣਾ ਰਹੀ ਹੈ, ਜੋ ਸਪੱਸ਼ਟ ਤੌਰ ‘ਤੇ ਨਿੱਜੀ ਹਸਪਤਾਲਾਂ ਨੂੰ ਲਾਭ ਪਹੁੰਚਾਉਣ ਦੀ ਇੱਕ ਚਾਲ ਹੈ।’
ਭਾਰਦਵਾਜ ਨੇ ਭਾਜਪਾ ਬੁਲਾਰਿਆਂ ਨੂੰ ਚੁਣੌਤੀ ਦਿੰਦਿਆਂ ਕਿਹਾ, ‘ਸਪੱਸ਼ਟ ਜਵਾਬ ਦੇਣ ਦੀ ਬਜਾਏ, ਭਾਜਪਾ ਦੇ ਬੁਲਾਰੇ ਬੇਤੁਕੀਆਂ ਗੱਲਾਂ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ‘ਪੋਰਟਾ ਕੈਬਿਨ ਵਿੱਚ ਆਓ’। ਮੈਂ ਤਿਆਰ ਹਾਂ। ਆਓ, ਆਪਾਂ ਦੋਵੇਂ ਇਕੱਠੇ ਜਾ ਕੇ ਜਾਂਚ ਕਰੀਏ। ਜੇ ਪੋਰਟਾ ਕੈਬਿਨ ਦੇ ਅੰਦਰ ਕੁਝ ਵੀ ਬਣਿਆ ਹੈ, ਤਾਂ ਅਸੀਂ ਇਸਨੂੰ ਸਵੀਕਾਰ ਕਰਾਂਗੇ। ਪਰ ਇਹ ਤਾਂ ਹਜ਼ਾਰਾਂ ਬਿਸਤਰਿਆਂ ਵਾਲੇ ਪੂਰੇ ਹਸਪਤਾਲ ਹਨ, ਤੁਸੀਂ ਉਨ੍ਹਾਂ ਨੂੰ ਨਿੱਜੀ ਹੱਥਾਂ ਵਿੱਚ ਕਿਵੇਂ ਸੌਂਪ ਸਕਦੇ ਹੋ?’ ਭਾਜਪਾ ਦੇ ਇਸ ਦਾਅਵੇ ਦਾ ਜਵਾਬ ਦਿੰਦਿਆਂ ਕਿ ਕੰਮ 2021 ਅਤੇ 2024 ਦੇ ਵਿਚਕਾਰ ਪੂਰਾ ਹੋ ਸਕਦਾ ਸੀ, ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਕਦੇ ਵੀ ਇਨ੍ਹਾਂ ਹਸਪਤਾਲਾਂ ਦਾ ਨਿੱਜੀਕਰਨ ਕਰਨ ਦੀ ਯੋਜਨਾ ਨਹੀਂ ਬਣਾਈ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਇਹ ਹਸਪਤਾਲ ਪੂਰੇ ਹੋਣਗੇ, ਉਹ ਸਿਰਫ਼ ਜਨਤਾ ਦੇ ਮੁਫ਼ਤ ਇਲਾਜ ਲਈ ਹੋਣਗੇ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸਰਕਾਰ ਇਨ੍ਹਾਂ ਦਾ ਨਿੱਜੀਕਰਨ ਕਰਦੀ ਹੈ, ਤਾਂ ਇਹ ਦਿੱਲੀ ਦੇ ਲੋਕਾਂ ਨਾਲ ਸਿੱਧਾ ਧੋਖਾ ਹੋਵੇਗਾ।

