ਪ੍ਰਦੂਸ਼ਣ ਨਾਲ ਨਜਿੱਠਣ ਲਈ ਨਕਲੀ ਮੀਂਹ ਦੀ ਤਿਆਰੀ
ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇੱਥੇ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਨਕਲੀ ਮੀਂਹ (ਕਲਾਊਡ ਸੀਡਿੰਗ) ਦੀ ਪ੍ਰਕਿਰਿਆ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਬਾਰੇ ਸਿਰਫ਼ ਗੱਲਾਂ ਕੀਤੀਆਂ, ਪਰ ਉਨ੍ਹਾਂ ਦੀ ਸਰਕਾਰ ਨੇ ਸਿਰਫ਼ ਸੱਤ ਮਹੀਨਿਆਂ ਵਿੱਚ ਇਸ ਦੀ ਸਾਰੀ ਜ਼ਮੀਨੀ ਤਿਆਰੀ ਪੂਰੀ ਕਰ ਲਈ ਹੈ ਅਤੇ ਹੁਣ ਜੇ ਬੱਦਲ ਦਿਖਾਈ ਦਿੰਦੇ ਹਨ ਤਾਂ ਮੌਸਮ ਵਿਭਾਗ ਦੀ ਪ੍ਰਵਾਨਗੀ ਦਾ ਇੰਤਜ਼ਾਰ ਹੈ। ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਕਰ ਲਈਆਂ ਹਨ ਅਤੇ ਪਾਇਲਟ ਤੇ ਜਹਾਜ਼ ਵੀ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ, ‘ਅਸੀਂ ਇਸ ’ਤੇ ਕੰਮ ਕਰ ਰਹੇ ਹਾਂ, ਪਰ ਨਕਲੀ ਮੀਂਹ ਲਈ ਬੱਦਲਾਂ ਦੀ ਲੋੜ ਹੁੰਦੀ ਹੈ। ਜਿਸ ਦਿਨ ਬੱਦਲ ਹੋਣਗੇ, ਉਸ ਦਿਨ ਅਸੀਂ ਸੀਡਿੰਗ ਕਰਾਵਾਂਗੇ ਅਤੇ ਮੀਂਹ ਵੀ ਪਵੇਗਾ।’ ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਲਈ ਸਾਰੀਆਂ ਪ੍ਰਵਾਨਗੀਆਂ, ਸਮਝੌਤੇ, ਵਿਗਿਆਨੀਆਂ ਨਾਲ ਸਲਾਹ-ਮਸ਼ਵਰੇ ਅਤੇ ਜਹਾਜ਼ਾਂ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਸ ਤੋਂ ਇਲਾਵਾ ਸਿਰਸਾ ਨੇ ਦਾਅਵਾ ਕੀਤਾ ਕਿ ਇਸ ਸਾਲ ਹਰੇ ਪਟਾਕਿਆਂ ਨਾਲ ਦੀਵਾਲੀ ਮਨਾਉਣ ਦੇ ਬਾਵਜੂਦ ਦਿੱਲੀ ਦੇ ਏ ਕਿਊ ਆਈ ਵਿੱਚ ਸਿਰਫ਼ 11 ਅੰਕਾਂ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਦੀ ਤੁਲਨਾ ਪਿਛਲੇ ਸਾਲਾਂ ਨਾਲ ਕਰਦਿਆਂ ਕਿਹਾ ਕਿ ਜਦੋਂ ਪਟਾਕਿਆਂ ’ਤੇ ਪੂਰੀ ਜਾਂ ਅੰਸ਼ਕ ਪਾਬੰਦੀ ਸੀ, ਉਦੋਂ ਵੀ ਪ੍ਰਦੂਸ਼ਣ ਵੱਧਦਾ ਸੀ। ਉਨ੍ਹਾਂ ਕਿਹਾ, ‘ਸਾਲ 2024 ਵਿੱਚ ਜਦੋਂ ਪਟਾਕਿਆਂ ’ਤੇ ਪਾਬੰਦੀ ਸੀ, ਦੀਵਾਲੀ ਤੋਂ ਪਹਿਲਾਂ ਏਕਿਊਆਈ 328 ਅਤੇ ਬਾਅਦ ਵਿੱਚ 360 ਸੀ, ਭਾਵ 32 ਅੰਕਾਂ ਦਾ ਵਾਧਾ ਹੋਇਆ ਸੀ। ਇਸ ਦੇ ਮੁਕਾਬਲੇ ਇਸ ਸਾਲ ਹਰੇ ਪਟਾਕਿਆਂ ਦੀ ਇਜਾਜ਼ਤ ਮਿਲਣ ’ਤੇ ਵੀ ਦੀਵਾਲੀ ਤੋਂ ਪਹਿਲਾਂ ਏਕਿਊਆਈ 345 ਤੇ ਬਾਅਦ ’ਚ 356 ਰਿਹਾ, ਜੋ ਸਿਰਫ਼ 11 ਅੰਕਾਂ ਦਾ ਵਾਧਾ ਹੈ।’ -ਪੀਟੀਆਈ
ਵਿਰੋਧੀ ਧਿਰਾਂ ਨੂੰ ਭਾਜਪਾ ਨਾਲ ਈਰਖਾ: ਸਿਰਸਾ
ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧੀ ਧਿਰਾਂ ’ਤੇ ਪਿਛਲੇ ਦਹਾਕੇ ਦੌਰਾਨ ਦਿੱਲੀ ਨੂੰ ਲੁੱਟਣ ਅਤੇ ਬਰਬਾਦ ਕਰਨ ਦਾ ਦੋਸ਼ ਲਾਇਆ ਹੈ। ਸਿਰਸਾ ਨੇ ਕਿਹਾ ਕਿ ਹੁਣ ਜਦੋਂ ਸ਼ਹਿਰ ਹੌਲੀ-ਹੌਲੀ ਸੁਧਰ ਰਿਹਾ ਹੈ ਤਾਂ ਇਹ ਪਾਰਟੀਆਂ ਈਰਖਾ ਮਹਿਸੂਸ ਕਰ ਰਹੀਆਂ ਹਨ। ਸਿਰਸਾ ਨੇ ਕਿਹਾ, ‘ਦੇਖੋ, ਉਹ ਵਿਰੋਧੀ ਧਿਰ ਵਿੱਚ ਹਨ, ਇਸ ਲਈ ਉਹ ਦੋਸ਼-ਪ੍ਰਤੀ ਦੋਸ਼ ਦੀ ਖੇਡ ਤਾਂ ਖੇਡਣਗੇ ਹੀ। ਉਹ 10 ਸਾਲ ਸੱਤਾ ਵਿੱਚ ਰਹੇ ਅਤੇ ਉਨ੍ਹਾਂ 10 ਸਾਲਾਂ ਵਿੱਚ ਉਨ੍ਹਾਂ ਨੇ ਦਿੱਲੀ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਇਸ ਨੂੰ ਬਰਬਾਦ ਕੀਤਾ, ਲੁੱਟਿਆ ਅਤੇ ਕੁਚਲ ਦਿੱਤਾ। ਹੁਣ ਜਦੋਂ ਉਹ ਦਿੱਲੀ ਨੂੰ ਸੁਧਰਦਾ ਦੇਖ ਰਹੇ ਹਨ, ਤਾਂ ਇਹ ਸੁਭਾਵਿਕ ਹੈ ਕਿ ਉਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ।’ ਇਸ ਤੋਂ ਇਲਾਵਾ ਸਿਰਸਾ ਨੇ ਪਿਛਲੇ ਸੱਤ ਮਹੀਨਿਆਂ ਵਿੱਚ ਦਿੱਲੀ ਸਰਕਾਰ ਵੱਲੋਂ ਚੁੱਕੇ ਗਏ ਕਈ ਕਦਮਾਂ ਦੀ ਜਾਣਕਾਰੀ ਦਿੱਤੀ।