ਦਿੱਲੀ ਤੇ ਐੱਨ ਸੀ ਆਰ ’ਚ ਪ੍ਰਕਾਸ਼ ਦਿਹਾੜਾ ਮਨਾਇਆ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਅਤੇ ਐੱਨ ਸੀ ਆਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਏ ਗਏ ਅਤੇ ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤਹਿਤੇ ਕੌਮੀ ਰਾਜਧਾਨੀ ਦਿੱਲੀ ਦੇ ਵਿਸ਼ਨੂੰ ਗਾਰਡਨ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ਼੍ਰੋਮਣੀ ਸਿੱਖ ਸੰਗਤ ਸਭਾ ਵੱਲੋਂ ਸਜਾਇਆ ਗਿਆ ਸੀ, ਜਿਸ ਵਿੱਚ ਇਲਾਕੇ ਦੀਆਂ 17 ਸਿੰਘ ਸਭਾਵਾਂ ਨੇ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਸਥਾਨਕ ਕਮੇਟੀ ਮੈਂਬਰ ਹਰਜੀਤ ਸਿੰਘ ਪੱਪਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਨਗਰ ਕੀਰਤਨ ਵਿੱਚ ਸਕੂਲੀ ਬੱਚਿਆਂ ਨੇ ਸ਼ਿਰਕਤ ਕੀਤੀ ਅਤੇ ਗੱਤਕਾ ਟੀਮਾਂ ਨੇ ਆਪਣੇ ਸ਼ਾਨਦਾਰ ਜੌਹਰ ਦਿਖਾਏ, ਜਿਸ ਨੂੰ ਸੰਗਤ ਨੇ ਬਹੁਤ ਪਸੰਦ ਕੀਤਾ।
ਹਰਜੀਤ ਸਿੰਘ ਪੱਪਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵੱਖ ਵੱਖ ਸਿੰਘ ਸਭਾਵਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ। ਦਿੱਲੀ ਅੰਦਰ ਹੋਰ ਇਲਾਕਿਆਂ ਵਿੱਚ ਵੀ ਸਿੰਘ ਸਭਾਵਾਂ ਅਤੇ ਹੋਰ ਗੁਰਦੁਆਰਿਆਂ ਵੱਲੋਂ ਸਮਾਗਮ ਕਰਵਾਏ ਗਏ। ਸ਼ਾਮ ਨੂੰ ਸੰਗਤ ਨੇ ਆਪੋ ਆਪਣੇ ਘਰਾਂ ਵਿੱਚ ਦੀਪ ਮਾਲਾਵਾਂ ਕੀਤੀਆਂ। ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਵੀ ਵਿਸ਼ੇਸ਼ ਸਮਾਗਮ ਕੀਤਾ ਗਿਆ।
ਫਰੀਦਾਬਾਦ ਵਿੱਚ ਵੀ ਨਗਰ ਕੀਰਤਨ ਸਜਾਇਆ ਗਿਆ। ਕੇਂਦਰੀ ਸਿੰਘ ਸਭਾ ਪੰਚਾਇਣ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਛਾਇੰਸਾ ਅਤੇ ਪਲਵਲ ਵਿੱਚ ਵੀ ਧਾਰਮਿਕ ਸਮਾਗਮ ਕਰਵਾਏ ਗਏ। ਬਹਾਦਰ ਸਿੰਘ ਸਭਰਵਾਲ ਮੁਤਾਬਿਕ ਨਗਰ ਕੀਰਤਨ ਦੌਰਾਨ ਸਹਿਜਧਾਰੀ ਸਿੱਖ ਅਤੇ ਬੰਨੂ ਪੰਜਾਬੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ।
ਪਿਹੋਵਾ (ਸਤਪਾਲ ਰਾਮਗੜ੍ਹੀਆ): ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਉਲੀ ਸਾਹਿਬ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੈਕਾਰਿਆਂ ਅਤੇ ਗੁਰਬਾਣੀ ਕੀਰਤਨ ਦੀ ਗੂੰਜ ਨਾਲ ਹੋਈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਕਾਬਲ ਸਿੰਘ ਨੇ ਅਰਦਾਸ ਕੀਤੀ। ਗੁਰਦੁਆਰਾ ਮੁਖੀ ਸੰਤ ਬਾਬਾ ਮਹਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੀਰਤਨ ਮੁੱਖ ਮਾਰਗਾਂ ਜਿਵੇਂ ਕਿ ਮੇਨ ਬਾਜ਼ਾਰ, ਸਰਸਵਤੀ ਤੀਰਥ, ਗੁਹਲਾ ਰੋਡ, ਮਾਡਲ ਟਾਊਨ, ਅਨਾਜ ਮੰਡੀ, ਅੰਬਾਲਾ ਰੋਡ ਅਤੇ ਕੈਥਲ ਰੋਡ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਵਾਪਸ ਪਹੁੰਚ ਕੇ ਸੰਪੰਨ ਹੋਇਆ।
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਕੀਰਤਨ ਦਰਬਾਰ
ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਸਿੰਘ ਸਭਾ, ਸੈਕਟਰ -15 ਵੱਲੋਂ ਗੁਰਦੁਆਰੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਕੀਰਤਨ ਦਰਬਾਰ ਕਰਵਾਇਆ ਗਿਆ। ਗੁਰਦੁਆਰਾ ਕਮੇਟੀ ਦੀ ਪ੍ਰਧਾਨ ਰਾਣਾ ਕੌਰ ਭੱਟੀ ਨੇ ਦੱਸਿਆ ਕਿ ਇਸ ਸਮਾਗਮ ਦਾ ਖਾਸ ਪਹਿਲੂ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹ ਰਾਸ਼ੀ ਦੇ ਕੇ ਸਨਮਾਨਿਤ ਕਰਨਾ ਰਿਹਾ। ਸਮਾਗਮ ਵਿੱਚ ਬੱਚਿਆਂ ਨੇ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਸਨਅਤਕਾਰ ਐੱਸ.ਐੱਸ. ਬਾਂਗਾ ਨੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਹਾਨ ਗੁਰਬਾਣੀ ਰਚ ਕੇ ਮਨੁੱਖਤਾ ਨੂੰ ‘ਸ਼ਬਦ ਗੁਰੂ’ ਨਾਲ ਜੋੜਿਆ ਹੈ। ਸਮਾਗਮ ਦੌਰਾਨ ਐੱਸ ਐੱਸ ਬਾਂਗਾ, ਸੁੱਚਾ ਸਿੰਘ, ਅਮਰਜੀਤ ਸਿੰਘ, ਜਤਿੰਦਰ ਕੌਰ ਰੂਬੀ, ਗੁਰਿੰਦਰ ਸਿੰਘ ਆਹੂਜਾ, ਮਨਮੋਹਨ ਸਿੰਘ, ਐੱਨ ਐੱਸ ਬਿੰਦਰਾ, ਐਨ ਐਸ ਬੱਗਾ ਨੇ ਆਏ ਪਤਵੰਤਿਆਂ ਦਾ ਸਨਮਾਨ ਕੀਤਾ। ਇਸਤਰੀ ਸਤਿਸੰਗ ਸਭਾ ਅਤੇ ਨਿਰਵੈਰ ਖ਼ਾਲਸਾ ਫਾਊਂਡੇਸ਼ਨ ਦੇ ਸੇਵਾਦਾਰਾਂ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ। ਇਸ ਮੌਕੇ ਨਰਿੰਦਰ ਸਿੰਘ ਆਹੂਜਾ, ਰਾਜਿੰਦਰ ਨਾਗਪਾਲ, ਹਰਜੀਤ ਸਿੰਘ, ਬਲਜੀਤ ਸਿੰਘ, ਇੰਦਰਜੀਤ ਸਿੰਘ ਛਾਬੜਾ, ਸੁਨੀਲ ਕਿੰਦਰਾ, ਨੀਰਜ ਚਾਵਲਾ, ਅਜੈ ਕਤਿਆਲ, ਰਵਿੰਦਰ ਕੌਰ, ਮਨਜੀਤ ਕੌਰ, ਰਵਿੰਦਰ ਕੌਰ ਗੁੱਡੀ, ਸੁਰਿੰਦਰ ਕੌਰ, ਮੀਨੂ ਬਾਂਗਾ ਤੇ ਸਾਬਕਾ ਹਰਿਆਣਾ ਕਮੇਟੀ ਮੈਂਬਰ ਗੁਰਪ੍ਰਸਾਦ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
