ਟਰੰਪ ਦੇ ਗਲਤ ਫੈਸਲਿਆਂ ਦਾ ਖ਼ਮਿਆਜ਼ਾ ਗਰੀਬ ਮੁਲਕਾਂ ਨੂੰ ਭੁਗਤਣਾ ਪਵੇਗਾ: ਸੀਚੇਵਾਲ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸ ਵਧਾਉਣ ਵਾਲੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਗਰੀਬ ਮੁਲਕਾਂ ਨੂੰ ਡਰਾਵੇ ਦੇਣੇ ਅਤੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਨਾ ਅਮਰੀਕਾ ਵਰਗੇ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਇਹ ਫੈਸਲਾ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ। ਟਰੰਪ ਦੇ ਗਲਤ ਫੈਸਲਿਆਂ ਦਾ ਖਮਿਆਜ਼ਾ ਦੁਨੀਆ ਦੇ ਗਰੀਬ ਮੁਲਕਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ ਪਹਿਲਾਂ 25 ਫੀਸਦੀ ਟੈਰਿਫ ਲਾਇਆ ਸੀ ਤੇ ਹੁਣ 25 ਫੀਸਦੀ ਹੋਰ ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਟੈਕਸ ਘਟਾਉਣ ਬਾਰੇ ਕੋਈ ਵਪਾਰਕ ਗੱਲਬਾਤ ਨਾ ਕਰਨਾ ਉਨ੍ਹਾਂ ਦੀ ਪਿਛਾਂਹ-ਖਿੱਚੂ ਸੋਚ ਨੂੰ ਦਰਸਾਉਂਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਵੀ ਆਰਥਿਕ ਪਾਬੰਦੀਆਂ ਦਾ ਡੱਟ ਕੇ ਸਾਹਮਣਾ ਕੀਤਾ ਸੀ ਤੇ ਹੁਣ ਵੀ ਕਰਦਾ ਰਹੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਦੇਸ਼ ਦੇ ਕਰੋੜਾਂ ਲੋਕਾਂ ਦਾ ਢਿੱਡ ਭਰਦੇ ਆ ਰਹੇ ਹਨ। ਭਾਰਤ ਦੇ ਲੋਕ ਮਿਹਨਤੀ ਹਨ ਤੇ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਰੰਪ ਅਜਿਹੇ ਟੈਕਸ ਲਾ ਕੇ ਭਾਰਤ ਨੂੰ ਆਰਥਿਕ ਸੰਕਟ ਵਿੱਚ ਨਹੀਂ ਪਾ ਸਕਦੇ।