ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਜਿਉਂ-ਜਿਉਂ ਮੌਸਮ ਠੰਢਾ ਹੁੰਦਾ ਜਾ ਰਿਹਾ ਹੈ ਤਾਂ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਵਧਣ ਲੱਗਾ ਹੈ। ਸਰਦੀਆਂ ਨੇੜੇ ਆਉਣ ਦੇ ਨਾਲ ਦਿੱਲੀ ਦੀ ਹਵਾ ਗੁਣਵੱਤਾ ਸੂਚਕ ਅੰਕ ਏ ਕਿਊ ਆਈ ਤੇਜ਼ੀ ਨਾਲ ਵਿਗੜਨ ਦੇ ਸੰਕੇਤ ਦਿਖਾ ਰਿਹਾ ਹੈ ਅਤੇ ਇਹ ਚਿੰਤਾ ਦਾ ਕਾਰਨ ਹੈ। ਦਿੱਲੀ ਵਿੱਚ ਸਵੇਰੇ 5 ਵਜੇ ਔਸਤਨ ਏਅਰ ਕੁਆਲਿਟੀ ਇੰਡੈਕਸ (ਏ ਕਿਊ ਆਈ) 193 ਤੱਕ ਵਧ ਗਿਆ। ਜਾਣਕਾਰੀ ਅਨੁਸਾਰ ਸਵੇਰੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਏ ਕਿਊ ਆਈ 300 ਤੋਂ ਪਾਰ ਸੀ ਜਦੋਂ ਕਿ ਲੋਧੀ ਰੋਡ ਨੇੜੇ 140 ਮਾਪਿਆ ਗਿਆ। ਇਸੇ ਤਰ੍ਹਾਂ ਦੁਆਰਕਾ ਤੇ ਰੋਹਿਣੀ ਵਿੱਚ 222 ਤੱਕ ਪਹੁੰਚ ਗਿਆ ਹੈ। ਵੀਰਵਾਰ ਸਵੇਰੇ 5:30 ਵਜੇ ਏ ਕਿਊ ਆਈ ਲਗਪਗ 91 ਸੀ। ਸ਼ੁੱਕਰਵਾਰ 10 ਅਕਤੂਬਰ ਨੂੰ ਏ ਕਿਊ ਆਈ 129 ਸੀ। ਸਵੇਰੇ 8:30 ਵਜੇ ਦਿੱਲੀ ਵਿੱਚ ਨਮੀ 84 ਪ੍ਰਤੀਸ਼ਤ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਐਤਵਾਰ ਲਈ ਸਾਫ਼ ਆਸਮਾਨ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਨੇੜੇ ਰਹਿ ਸਕਦਾ ਹੈ। ਮਾਹਿਰਾਂ ਮੁਤਾਬਕ 101 ਅਤੇ 150 ਦੇ ਵਿਚਕਾਰ ਹਵਾ ਗੁਣਵੱਤਾ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਤੇ ਪਾਲਤੂ ਜਾਨਵਰਾਂ ਲਈ ਸਿਹਤ ਲਈ ਜੋਖਮ ਵੀ ਬਣ ਸਕਦਾ ਹੈ। ਜਦੋਂ ਏ ਕਿਊ ਆਈ 151 ਤੋਂ ਵੱਧ ਜਾਂਦਾ ਹੈ ਤਾਂ ਹਵਾ ਦੀ ਗੁਣਵੱਤਾ ਨੂੰ ਸਾਰੇ ਪਾਲਤੂ ਜਾਨਵਰਾਂ ਲਈ ਗ਼ੈਰ-ਸਿਹਤਮੰਦ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਦੇ ਸੰਪਰਕ ਨੂੰ ਘੱਟ ਤੋਂ ਘੱਟ ਕਰਨ ਲਈ ਵਾਧੂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਏ ਕਿਊ ਆਈ ਸਿਫ਼ਰ ਤੋਂ 50 ਤੱਕ ਚੰਗੀ ਸ਼੍ਰੇਣੀ ਵਿੱਚ ਆਉਂਦਾ ਹੈ, 51-100 ਦਰਮਿਆਨਾ, 101-200 ਖਰਾਬ, 201-300 ਬਹੁਤ ਖਰਾਬ, 301-400 ਗੰਭੀਰ, 401-500 ਤੱਕ ਅਤਿ ਗੰਭੀਰ ਸ਼੍ਰੇਣੀਆਂ ਵਿੱਚ ਮਾਪਿਆ ਜਾਂਦਾ ਹੈ।