ਪ੍ਰਦੂਸ਼ਣ: ਧੂੰਏਂ ਦੀ ਮਾਰ ਹੇਠ ਕੌਮੀ ਰਾਜਧਾਨੀ
ਹਵਾ ਗੁਣਵੱਤਾ ਸੂਚਕ ਅੰਕ 300 ਤੋਂ ਪਾਰ; ਪ੍ਰਦੂਸ਼ਣ ਘਟਾਉਣ ਲਈ ਪਾਣੀ ਦਾ ਛਿਡ਼ਕਾਅ
ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਅੱਜ ਦਿੱਲੀ ਅਤੇ ਨਾਲ ਲੱਗਦੇ ਖੇਤਰ ਧੂੰਏਂ ਦੀ ਚਾਦਰ ਨਾਲ ਲਿਪਟੇ ਰਹੇ। ਇਸ ਦੌਰਾਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਸ਼੍ਰੇਣੀ’ ਵਿੱਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ (ਸੀ ਪੀ ਸੀ ਬੀ) ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 316 ਦਰਜ ਕੀਤਾ ਗਿਆ।
ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਮੀਰ ਐਪ ਅਨੁਸਾਰ 28 ਨਿਗਰਾਨੀ ਕੇਂਦਰਾਂ ’ਤੇ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਇਲੀ ਇੰਡੈਕਸ) 300 ਤੋਂ ਉਪਰ ਦਰਜ ਕੀਤਾ ਗਿਆ ਜੋ ਬਹੁਤ ‘ਖਰਾਬ ਸ਼੍ਰੇਣੀ’ ਵਿੱਚ ਆਉਂਦਾ ਹੈ। ਦੂਜੇ ਪਾਸੇ ਨਗਰ ਨਿਗਮ ਵੱਲੋਂ ਹਵਾ ਪ੍ਰਦੂਸ਼ਣ ਘਟਾਉਣ ਲਈ ਕਈ ਖੇਤਰਾਂ ਵਿੱਚ ਪਾਣੀ ਦਾ ਛਿੜਕਾਅ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿਫ਼ਰ ਤੇ 50 ਵਿਚਕਾਰ ਹਵਾ ਗੁਣਵੱਤਾ ਸੂਚਕ ਅੰਕ ‘ਚੰਗਾ’, 51 ਤੋਂ 100 ਵਿਚਾਲੇ ‘ਤਸੱਲੀਬਖ਼ਸ਼’, 101 ਤੋਂ 200 ਵਿਚਾਲੇ ‘ਮੱਧਮ’, 201 ਤੋਂ 300 ਵਿਚਕਾਰ ‘ਖਰਾਬ’, 301 ਤੋਂ 400 ਵਿਚਾਲੇ ‘ਬਹੁਤ ਖਰਾਬ’ ਤੇ 401 ਤੋਂ 500 ਵਿਚਾਲੇ ਗੰਭੀਰ ਮੰਨਿਆ ਜਾਂਦਾ ਹੈ। ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਅਨੁਸਾਰ ਦਿੱਲੀ ਵਿੱਚ ਘੱਟ ਤੋਂ ਘੱਟ ਤਾਪਮਾਨ 17.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਮੌਸਮ ਵਿੱਚ ਔਸਤ ਤਾਪਮਾਨ ਨਾਲੋਂ 1.9 ਡਿਗਰੀ ਵੱਧ ਹੈ। ਸਵੇਰੇ 8.30 ਵਜੇ ਮੌਸਮ ਵਿੱਚ ਨਮੀ ਦੀ ਮਾਤਰਾ 64 ਫੀਸਦ ਦਰਜ ਕੀਤੀ ਗਈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਹਲਕਾ ਕੋਰਾ ਰਹਿਣ ਦੇ ਨਾਲ-ਨਾਲ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਪ੍ਰਦੂਸ਼ਣ ਵਧਣ ਕਾਰਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ
ਜੀਂਦ (ਮਹਾਂਵੀਰ ਮਿੱਤਲ): ਜੀਂਦ ਵਿੱਚ ਕਈ ਦਿਨਾਂ ਤੋਂ ਹਵਾ ਗੁਣਵੱਤਾ ਸੂਚਕ ਅੰਕ ਖਰਾਬ ਸ਼੍ਰੇਣੀ ਵਿੱਚ ਹੋਣ ਕਾਰਨ ਸਿਹਤ ਵਿਭਾਗ ਨੇ ਲੋਕਾਂ ਦੀ ਸਿਹਤ ਸੰਭਾਲ ਵਜੋਂ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਹਤ ਵਿਭਾਗ ਨੇ ਕਿਹਾ ਕਿ ਦਮੇ ਨਾਲ ਸਬੰਧਤ ਮਰੀਜ਼ ਸਮੇਂ ਸਿਰ ਦਵਾਈਆਂ ਲੈਣ। ਵਿਭਾਗ ਨੇ ਕਿਹਾ ਕਿ ਮੂੰਹ ਨੂੰ ਢੱਕ ਕੇ ਰੱਖਿਆ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਜ਼ੁਕਾਮ, ਸਾਹ, ਬੁਖਾਰ ਤੇ ਹੋਰ ਬਿਮਾਰੀਆਂ ਤੋਂ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਲਈ ਲੋੜ ਅਨੁਸਾਰ ਘਰ ਤੋਂ ਬਾਰ ਨਿਕਲਿਆ ਜਾਵੇ। ਜ਼ਿਕਰਯੋਗ ਹੈ ਕਿ ਦੀਵਾਲੀ ਦੇ ਤਿਉਹਾਰ ਮਗਰੋਂ ਜੀਂਦ ਦਾ ਏ ਕਿਊਆਈ 400 ਤੋਂ ਪਾਰ ਪਹੁੰਚ ਗਿਆ ਸੀ, ਜੋ ਕਿ ਹੌਲੀ-ਹੌਲੀ 300 ’ਤੇ ਆਇਆ। ਨਾਗਰਿਕ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਵੀ ਆਮ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਅੱਖਾਂ ਵਿੱਚ ਪਾਣੀ ਆਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਥਿਤੀ ਵਿੱਚ ਵਿਅਕਤੀ ਨੂੰ ਆਪਣੀ ਅੱਖਾਂ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ। ਪ੍ਰਦੂਸ਼ਨ ਕੰਟਰੋਲ ਬੋਰਡ ਅਧਿਕਾਰੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਵਧ ਰਹੇ ਪ੍ਰਦੂਸ਼ਣ ’ਤੇ ਰੋਕ ਲਾਉਣ ਲਈ ਯਤਨ ਜਾਰੀ ਹਨ ਤੇ ਲੋਕਾਂ ਨੂੰ ਜਾਗਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਜੁਰਮਾਨਾ ਲਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਨਰਵਾਣਾ ਅਤੇ ਸਫੀਦੋਂ ਵਿੱਚ ਪਰਾਲੀ ਸਾੜਨ ’ਤੇ 50 ਹਜ਼ਾਰ ਰੁਪਏ ਦੇ ਚਾਲਾਨ ਕੀਤੇ ਗਏ ਹਨ। ਦੂਜ ਪਾਸੇ ਨਾਗਰਿਕ ਹਸਪਤਾਲ ਦੇ ਡਿਪਟੀ ਸੀ ਐੱਮ ਓ ਡਾ. ਪਾਲੇ ਰਾਮ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

