ਦਿੱਲੀ ਵਿੱਚ ਪ੍ਰਦੂਸ਼ਣ ਵਧਿਆ; ਗਰੈਪ-IV ਲਾਗੂ
ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਅੱਜ ਬਹੁਤ ਵਧ ਗਿਆ। ਇੱਥੋਂ ਦੇ ਕਈ ਖੇਤਰਾਂ ਵਿਚ ਏ ਕਿਊ ਆਈ ਚਾਰ ਸੌ ਤੋਂ ਪਾਰ ਹੋ ਗਿਆ ਜਿਸ ਕਾਰਨ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP-IV) ਦੇ ਚੌਥੇ ਪੜਾਅ ਤਹਿਤ ਪਾਬੰਦੀਆਂ ਲਾ ਦਿੱਤੀਆਂ ਹਨ।
ਦਿੱਲੀ ਵਿੱਚ ਜ਼ਹਿਰੀਲੇ ਧੂੰਏਂ ਦੀ ਚਾਦਰ ਛਾਈ ਹੋਈ ਹੈ ਤੇ AQI ਸੀਜ਼ਨ ਦੇ ਸਭ ਤੋਂ ਮਾੜੇ ਪੱਧਰ 431 ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 11 ਨਵੰਬਰ ਨੂੰ 428 ਏ ਕਿਊ ਆਈ ਦਰਜ ਕੀਤਾ ਗਿਆ ਸੀ।
ਦਿੱਲੀ-ਐਨਸੀਆਰ ਸ਼ਹਿਰਾਂ ਵਿੱਚੋਂ ਨੋਇਡਾ 455 ਅਤੇ ਗ੍ਰੇਟਰ ਨੋਇਡਾ ਵਿਚ ਏ ਕਿਊ ਆਈ 442 ਰਿਹਾ। ਦਿੱਲੀ ਵਿੱਚ ਸ਼ਨਿਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.5 ਡਿਗਰੀ ਵੱਧ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 0.6 ਡਿਗਰੀ ਘੱਟ ਹੈ।
ਕਮਿਸ਼ਨ ਨੇ ਕਿਹਾ, ‘‘ਹਵਾ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਖੇਤਰ ਵਿੱਚ ਹਵਾ ਦੇ ਮਿਆਰ ਦੇ ਹੋਰ ਵਿਗੜਨ ਨੂੰ ਰੋਕਣ ਦੇ ਯਤਨਾਂ ਵਜੋਂ ਸੀ ਏ ਕਿਊ ਐੱਮ ਅਤੇ ਗ੍ਰੈਪ ਸਬ-ਕਮੇਟੀ ਨੇ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ-4 ਤਹਿਤ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਲੋੜੀਂਦੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕਈ ਦਿਨਾਂ ਤੋਂ ਪ੍ਰਦੂਸ਼ਣ ਵਧਣ ਕਾਰਨ ਦਿੱਲੀ ਵਾਸੀਆਂ ਨੂੰ ਸਾਹ ਨਾਲ ਸਬੰਧਤ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। -ਪੀ ਟੀ ਆਈ
