ਦੀਵਾਲੀ ਤੋਂ ਪਹਿਲਾਂ ਦਿੱਲੀ-ਐੱਨਸੀਆਰ ਵਿਚ ਚੜ੍ਹਿਆ ਧੂੰਏਂ ਦਾ ਗੁਬਾਰ
ਦੀਵਾਲੀ ਤੋਂ ਪਹਿਲਾਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (NCR) ਵਿੱਚ ਹਵਾ ਦੀ ਗੁਣਵੱਤਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਪ੍ਰਦੂਸ਼ਣ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਐਤਵਾਰ ਸਵੇਰੇ ਦਿੱਲੀ ਦੇ ਅਕਸ਼ਰਧਾਮ ਖੇਤਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 426 ਦਰਜ ਕੀਤਾ ਗਿਆ ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਨਾਲ ਪੂਰੇ ਖੇਤਰ ਵਿੱਚ ਦਮ ਘੁੱਟ ਰਿਹਾ ਹੈ। ਗ੍ਰੇਟਰ ਨੋਇਡਾ ਵੈਸਟ ਅਤੇ ਗਾਜ਼ੀਆਬਾਦ ਦੇ ਵਿਜੈ ਨਗਰ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੋ ਗਿਆ ਹੈ। ਧੂੰਏਂ ਅਤੇ ਧੁੰਦ ਦੀ ਇੱਕ ਸੰਘਣੀ ਚਾਦਰ ਨੇ ਪੂਰੇ ਐੱਨਸੀਆਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਨਾਲ ਦਿਸਣ ਹੱਦ ਘੱਟ ਗਈ ਹੈ।
ਸੀਪੀਸੀਬੀ ਦੇ ਅੰਕੜਿਆਂ ਅਨੁਸਾਰ ਗੌਤਮ ਬੁੱਧ ਨਗਰ ਵਿੱਚ ਏਕਿਊਆਈ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਿਆ, ਜਿਸ ਵਿੱਚ ਪੀਐੱਮ 2.5 ਅਤੇ ਪੀਐੱਮ 10 ਦੋਵੇਂ ਖ਼ਤਰਨਾਕ ਪੱਧਰ ’ਤੇ ਸਨ। ਨੋਇਡਾ ਵਿੱਚ ਏਕਿਊਆਈ 298 ਦਰਜ ਕੀਤਾ ਗਿਆ ਪਰ ਸੈਕਟਰ 1 ਵਰਗੇ ਕਈ ਖੇਤਰਾਂ ਵਿੱਚ ਪੀਐੱਮ 2.5 ਅਤੇ ਪੀਐੱਮ 10 ‘ਗੰਭੀਰ’ ਸ਼੍ਰੇਣੀ ਵਿੱਚ ਹਨ। ਗਾਜ਼ੀਆਬਾਦ ਦੇ ਵਿਜੈ ਨਗਰ ਵਿੱਚ ਏਕਿਊਆਈ ਲਗਪਗ 300 ਦਰਜ ਕੀਤਾ ਗਿਆ ਜੋ ‘ਬਹੁਤ ਮਾੜੇ’ ਤੋਂ ‘ਗੰਭੀਰ’ ਤੱਕ ਪਹੁੰਚ ਗਿਆ। ਇਸ ਦੌਰਾਨ ਗੁਰੂਗ੍ਰਾਮ ਵਿੱਚ ‘ਮਾੜੀ’ ਸ਼੍ਰੇਣੀ ਵਿੱਚ ਏਕਿਊਆਈ 258 ਸੀ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਦਿੱਲੀ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ ਨੌਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ। ਆਨੰਦ ਵਿਹਾਰ ਵਿੱਚ ਸਭ ਤੋਂ ਵੱਧ ਏਕਿਊਆਈ 389 ਦਰਜ ਕੀਤਾ ਗਿਆ। ਉਸ ਤੋਂ ਬਾਅਦ ਵਜ਼ੀਰਪੁਰ ਵਿੱਚ 351, ਬਵਾਨਾ ਵਿੱਚ 309, ਜਹਾਂਗੀਰਪੁਰੀ ਵਿੱਚ 310, ਓਖਲਾ ਵਿੱਚ 303, ਵਿਵੇਕ ਵਿਹਾਰ ਵਿੱਚ 306, ਦਵਾਰਕਾ ਵਿੱਚ 310 ਅਤੇ ਸਿਰੀ ਫੋਰਟ ਵਿੱਚ 307 ਦਰਜ ਕੀਤਾ ਗਿਆ ਸੀ। ਐਤਵਾਰ ਨੂੰ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ, ਅਕਸ਼ਰਧਾਮ ਵਿੱਚ ਏਕਿਊਆਈ 426 ਤੱਕ ਪਹੁੰਚ ਗਿਆ ਸੀ।