ਇੱਥੇ ਬਾਹਰੀ ਦਿੱਲੀ ਦੇ ਬਵਾਨਾ ਖੇਤਰ ਵਿੱਚ ਹਵਾ ਗੁਣਵੱਤਾ ਦਾ ਸੂਚਕ ਅੰਕ 400 ਨੂੰ ਪਾਰ ਕਰ ਗਿਆ, ਜਦੋਂ ਕਿ ਸ਼ਹਿਰ ਵਿੱਚ ਔਸਤ ਏਅਰ ਕੁਆਲਿਟੀ ਇੰਡੈਕਸ 339 ਦਰਜ ਕੀਤਾ ਗਿਆ। ਸ਼ਨਿਚਰਵਾਰ ਨੂੰ ਸ਼ਹਿਰ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਸੀ। ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸਵੇਰੇ 10 ਵਜੇ 339 ਤੱਕ ਪਹੁੰਚ ਗਿਆ ਜੋ ਕਿ ਸ਼ੁੱਕਰਵਾਰ ਸ਼ਾਮ ਤੋਂ ਮਾਮੂਲੀ ਵਾਧਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਕੁਝ ਹਿੱਸੇ ‘ਗੰਭੀਰ’ ਜ਼ੋਨ ਦੇ ਨੇੜੇ ਖ਼ਤਰਨਾਕ ਅੰਕੜਿਆਂ ਨੂੰ ਛੂਹ ਗਏ ਹਨ। ਬਵਾਨਾ ਵਿੱਚ ਏਕਿਊਆਈ 400 ਨੂੰ ਪਾਰ ਕਰ ਗਿਆ, ਜਦੋਂ ਕਿ ਡਿੱਗਦੇ ਤਾਪਮਾਨ ਦੇ ਵਿਚਕਾਰ ਰਾਜਧਾਨੀ ’ਤੇ ਧੁਆਂਖੀ ਧੁੰਦ ਦੀ ਇੱਕ ਪਰਤ ਛਾ ਗਈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦਾ ਸਮੁੱਚਾ ਏਕਿਊਆਈ 355 ਤੱਕ ਵੱਧ ਗਿਆ। ਕਈ ਨਿਗਰਾਨੀ ਸਟੇਸ਼ਨਾਂ ਨੇ ਖ਼ਤਰਨਾਕ ਪੱਧਰਾਂ ਦੀ ਰਿਪੋਰਟ ਕੀਤੀ। ਬਵਾਨਾ ਵਿੱਚ ਏਕਿਊਆਈ 403 ਦਰਜ ਕੀਤਾ ਗਿਆ ਜਿਸ ਨੂੰ ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬੁਰਾੜੀ (380), ਅਸ਼ੋਕ ਵਿਹਾਰ (367) ਅਤੇ ਮਥੁਰਾ ਰੋਡ (366) ਵੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਰਹੇ। 300 ਤੋਂ 400 ਵਿਚਕਾਰ ਏਕਿਊਆਈ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਸ਼ੁੱਕਰਵਾਰ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ 311 ਦਰਜ ਕੀਤੀ ਗਈ ਸੀ ਜੋ ਦੋ ਦਿਨਾਂ ਦੇ ਮੁਕਾਬਲੇ ਸੁਧਾਰ ਤੋਂ ਬਾਅਦ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ।
ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਵਿਗੜਦੀ ਰਹੀ। ਨੋਇਡਾ ਵਿੱਚ 325 ਏਕਿਊਆਈ ਦਰਜ ਕੀਤਾ, ਜਦੋਂ ਗ੍ਰੇਟਰ ਨੋਇਡਾ ਵਿੱਚ 304 ਰਿਹਾ। ਗੁਰੂਗ੍ਰਾਮ 220 ’ਤੇ ਥੋੜ੍ਹਾ ਬਿਹਤਰ ਸੀ। ਦੂਜੇ ਪਾਸੇ ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਕਾਰਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਲਈ 15 ਨਵੰਬਰ ਤੋਂ 15 ਫਰਵਰੀ ਤੱਕ ਕੰਮ ਕਰਨ ਦੇ ਘੰਟਿਆਂ ਦਾ ਐਲਾਨ ਕੀਤਾ।
ਹੁਕਮ ਅਨੁਸਾਰ ਸਰਕਾਰੀ ਦਫ਼ਤਰ ਸਵੇਰੇ 10 ਵਜੇ ਤੋਂ ਸ਼ਾਮ 6:30 ਵਜੇ ਤੱਕ ਕੰਮ ਕਰਨਗੇ, ਜਦੋਂ ਕਿ ਦਿੱਲੀ ਨਗਰ ਨਿਗਮ ਦਫ਼ਤਰ ਸਵੇਰੇ 8:30 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ। ਇਸ ਉਪਾਅ ਦਾ ਉਦੇਸ਼ ਵਾਹਨਾਂ ਦੀ ਭੀੜ ਨੂੰ ਘੱਟ ਕਰਨਾ ਅਤੇ ਪ੍ਰਦੂਸ਼ਣ ਘਟਾਉਣਾ ਹੈ। ਇਸ ਦੌਰਾਨ ਭਾਰਤ ਮੌਸਮ ਵਿਭਾਗ ਨੇ ਘੱਟੋ-ਘੱਟ ਤਾਪਮਾਨ 13.8 ਡਿਗਰੀ ਸੈਲਸੀਅਸ ਦੱਸਿਆ ਹੈ। ਅਗਲੇ ਹਫ਼ਤੇ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ 2-5 ਡਿਗਰੀ ਸੈਲਸੀਅਸ ਘੱਟ ਰਹਿਣ ਦੀ ਉਮੀਦ ਹੈ।

