ਦੀਵਾਲੀ ਤੋਂ ਪਹਿਲਾਂ ਪ੍ਰਦੂਸ਼ਣ ਵਧਣ ਦੀ ਪੇਸ਼ੀਨਗੋਈ
ਸਰਦੀਆਂ ਨੇੜੇ ਆਉਂਦਿਆਂ ਹੀ ਦਿੱਲੀ ਦੀ ਹਵਾ ਗੁਣਵੱਤਾ ਵਿਗੜਨ ਦੀ ਉਮੀਦ ਹੈ। ਹਾਲਾਂਕਿ ਐਤਵਾਰ ਸਵੇਰੇ ਏ ਕਿਊ ਆਈ 169 ਦਰਮਿਆਨੀ ਸ਼੍ਰੇਣੀ ਵਿੱਚ ਸੀ, ਜੋ ਕਿ ਸ਼ਨਿਚਰਵਾਰ ਸਵੇਰੇ 5 ਵਜੇ ਮਾਪੇ ਗਏ 193 ਏ ਕਿਊ ਆਈ ਤੋਂ ਘੱਟ ਸੀ। ਬੀਤੇ ਦਿਨ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿੱਚ ਪ੍ਰਦੂਸ਼ਣ 300 ਨੂੰ ਪਾਰ ਕਰ ਗਿਆ ਸੀ, ਔਸਤ 193 ਰਹੀ ਸੀ। ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜਦੀ ਜਾ ਰਹੀ ਹੈ। ਅਕਤੂਬਰ ਦੇ ਸ਼ੁਰੂ ਵਿੱਚ ਏ ਕਿਊ ਆਈ ਵਧਣ ਦਾ ਕਾਰਨ ਤਾਪਮਾਨ ਵਿੱਚ ਗਿਰਾਵਟ, ਧੁੰਦ ਅਤੇ ਰੁਕੀਆਂ ਹਵਾਵਾਂ ਹਨ, ਜਿਸ ਕਾਰਨ ਆਸਮਾਨ ਵਿੱਚ ਧੂੰਆਂ ਚੜ੍ਹਿਆ ਹੋਇਆ ਹੈ। ਦਿੱਲੀ ਨਿਵਾਸੀਆਂ ਲਈ ਸਿਹਤ ਸਬੰਧੀ ਚਿੰਤਾਵਾਂ ਵਧ ਰਹੀਆਂ ਹਨ ਕਿਉਂਕਿ ਹਫ਼ਤੇ ਦੇ ਅੰਤ ਤੱਕ ਹਵਾ ਵਿੱਚ ਪ੍ਰਦੂਸ਼ਣ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦਿੱਲੀ ਅੰਦਰ ਵਧਦੇ ਪ੍ਰਦੂਸ਼ਣ ਨੂੰ ਆਵਾਜਾਈ ਅਤੇ ਪਰਾਲੀ ਸਾੜੇ ਜਾਣ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸੇ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰ ਰਹੇ ਹਨ।
ਪਾਬੰਦੀਸ਼ੁਦਾ ਪਟਾਕਿਆਂ ਦੀ ਵਿਕਰੀ ਜਾਰੀ
ਫਰੀਦਾਬਾਦ (ਪੱਤਰ ਪ੍ਰੇਰਕ): ਸਥਾਨਕ ਪੁਲੀਸ ਵੱਲੋਂ ਸਖਤੀ ਕੀਤੇ ਜਾਣ ਬਾਵਜੂਦ ਵੱਖ-ਵੱਖ ਇਲਾਕਿਆਂ ਵਿੱਚ ਪਾਬੰਦੀ ਲਾਏ ਗਏ ਪਟਾਕਿਆਂ ਦੀ ਵਿਕਰੀ ਜਾਰੀ ਹੈ। ਸ਼ਹਿਰਾਂ ਦੀਆਂ ਕਲੋਨੀਆਂ ਵਾਲੇ ਖੇਤਰਾਂ ਵਿੱਚ ਛੋਟੇ-ਛੋਟੇ ਦੁਕਾਨਦਾਰ ਇਹ ਪਟਾਕੇ ਮਹਿੰਗੇ ਭਾਅ ’ਤੇ ਵੇਚ ਰਹੇ ਹਨ। ਪ੍ਰਸ਼ਾਸਨ ਵੱਲੋਂ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਵੀ ਬਾਰੂਦ ਮਸਾਲੇ ਵਾਲੇ ਪਟਾਕੇ ਵੇਚੇਗਾ, ਉਨ੍ਹਾਂ ਨੂੰ ਸਟੋਰ ਕਰੇਗਾ ਜਾਂਚ ਲਾਏਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।