ਪ੍ਰਦੂਸ਼ਣ ਦੀ ਮਾਰ: ਕਾਂਗਰਸ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਦਿੱਲੀ ’ਚ ਮਾਸਕ ਵੰਡੇ; ਭਾਜਪਾ ’ਤੇ ਪ੍ਰਦੂਸ਼ਣ ਰੋਕਣ ’ਚ ਨਾਕਾਮ ਰਹਿਣ ਦੇ ਦੋਸ਼
ਕੌਮੀ ਰਾਜਧਾਨੀ ਦਿੱਲੀ ਵਿੱਚ ਖ਼ਤਰਨਾਕ ਹੱਦ ਤੱਕ ਵਧੇ ਹਵਾ ਪ੍ਰਦੂਸ਼ਣ ਤੋਂ ਲੋਕਾਂ ਨੂੰ ਬਚਾਉਣ ਲਈ ਆਈ ਟੀ ਓ ਚੌਕ ’ਚ ਕਾਂਗਰਸੀ ਆਗੂਆਂ ਨੇ ਮਾਸਕ ਵੰਡ ਕੇ ਮੁਜ਼ਾਹਰਾ ਕੀਤਾ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਸਰਕਾਰ ਨੂੰ ਵੱਧ ਰਹੇ ਪ੍ਰਦੂਸ਼ਣ ਖ਼ਿਲਾਫ਼ ਜਾਗਣ ਦਾ ਸੱਦਾ ਦਿੱਤਾ। ਸੂਬਾ ਪ੍ਰਧਾਨ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਅੱਜ ਦਿੱਲੀ ਦੇ ਕੁੱਲ 70 ਵਿਧਾਨ ਸਭਾ ਹਲਕਿਆਂ ਵਿੱਚ ‘ਮਾਸਕ ਵੰਡ ਮੁਹਿੰਮ’ ਸ਼ੁਰੂ ਕੀਤੀ ਗਈ। ਕਾਂਗਰਸੀ ਵਰਕਰਾਂ ਨੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਮੁੱਖ ਬਾਜ਼ਾਰਾਂ, ਚੌਕਾਂ ਅਤੇ ਮੈਟਰੋ ਸਟੇਸ਼ਨਾਂ ’ਤੇ ਲੋਕਾਂ ਨੂੰ ਮਾਸਕ ਵੰਡੇ। ਉਨ੍ਹਾਂ ਨੇ ਆਪਣੇ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ‘ਪ੍ਰਦੂਸ਼ਣ ਦਾ ਕਹਿਰ, ਹਵਾ ’ਚ ਜ਼ਹਿਰ’ ਲਿਖਿਆ ਹੋਇਆ ਸੀ।
ਪ੍ਰਦਰਸ਼ਨਕਾਰੀ ਔਰਤਾਂ ਨੇ ਕਿਹਾ ਕਿ ਭਾਜਪਾ ਸਰਕਾਰ ਦਿੱਲੀ ਵਿੱਚ ਪ੍ਰਦੂਸ਼ਣ ਰੋਕਣ ਵਿੱਚ ਨਾਕਾਮ ਰਹੀ ਹੈ ਜਿਸ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਅੱਜ ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚ ਮਾਸਕ ਵੰਡੇ ਗਏ ਹਨ ਤਾਂ ਲੋਕ ਪ੍ਰਦੂਸ਼ਣ (400 ਤੋਂ ਟੱਪੇ ਏ ਕਿਊ ਆਈ) ਤੋਂ ਆਪਣੀ ਸਿਹਤ ਦਾ ਚਾਅ ਕਰ ਸਕਣ। ਅਜਿਹੀ ਸਥਿਤੀ ਵਿੱਚ ਮਾਸਕ ਹੀ ਸਾਨੂੰ ਬਾਹਰ ਜਾਣ ਵੇਲੇ ਪ੍ਰਦੂਸ਼ਣ ਤੋਂ ਬਚਾਉਣ ਦਾ ਇਕੋ-ਇਕ ਸਾਧਨ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਰੇਖਾ ਗੁਪਤਾ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਅੰਕੜਿਆਂ ਨੂੰ ਲੁਕਾ ਰਹੀ ਹੈ ਜੋ ਦਰਸਾਉਂਦੇ ਹਨ ਕਿ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਤ ਤਕ ਪਹੁੰਚ ਗਿਆ ਹੈ।
ਨੌਜਵਾਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਇੱਕ ਵਿਸ਼ੇਸ਼ ਮੁਹਿੰਮ ’ਤੇ 4,000 ਕਰੋੜ ਰੁਪਏ ਖਰਚ ਕੀਤੇ ਅਤੇ ਯਮੁਨਾ ਦੀ ਸਫਾਈ ’ਤੇ 6,856 ਕਰੋੜ ਰੁਪਏ ਖਰਚ ਕੀਤੇ ਪਰ ਦਿੱਲੀ ਦੇ ਪ੍ਰਦੂਸ਼ਣ ਵਿੱਚ ਕੋਈ ਸੁਧਾਰ ਨਹੀਂ ਹੋਇਆ। ਸੂਬਾ ਪ੍ਰਧਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਸੀ।
ਏ ਕਿਊ ਆਈ ਬਹੁਤ ਗੰਭੀਰ ਸ਼੍ਰੇਣੀ ਵਿੱਚ ਬਰਕਰਾਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਮੰਗਲਵਾਰ ਨੂੰ ਵੀ ਦਿੱਲੀ ਵਿੱਚ ਧੂੰਏਂ ਦੀ ਮੋਟੀ ਪਰਤ ਆਸਮਾਨ ’ਤੇ ਛਾਈ ਰਹੀ। ਅਜਿਹੇ ਵਿੱਚ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ ਲਗਾਤਾਰ ਤੀਜੇ ਦਿਨ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਿਹਾ। ਨਵੀਂ ਦਿੱਲੀ ਵਿੱਚ ਅੱਜ ਏ ਕਿਊ ਆਈ 309 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਐਪ ਦੇ ਅੰਕੜਿਆਂ ਅਨੁਸਾਰ ਅਲੀਪੁਰ ’ਚ ਏ ਕਿਊ ਆਈ 421, ਜਹਾਂਗੀਰਪੁਰੀ ’ਚ 404 ਅਤੇ ਵਜ਼ੀਰਪੁਰ ’ਚ ਵੱਧ ਤੋਂ ਵੱਧ 404 ਦਰਜ ਕੀਤਾ ਗਿਆ ਜਿੱਥੇ ਇਹ ਖੇਤਰ ‘ਬਹੁਤ ਗੰਭੀਰ’ ਸ਼੍ਰੇਣੀ ਵਿੱਚ ਆਉਂਦੇ ਹਨ। ਲਗਪਗ 14 ਸਟੇਸ਼ਨਾਂ ’ਤੇ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਦੂਜੇ ਪਾਸੇ, ਸਿਰੀਫੋਰਟ ਅਤੇ ਪੂਸਾ ਨੇ ‘ਮਾੜੀ’ ਹਵਾ ਦੀ ਗੁਣਵੱਤਾ ਦਰਜ ਕੀਤੀ, ਜਿਸ ਵਿੱਚ ਸੀ ਪੀ ਸੀ ਬੀ ਡੇਟਾ ਕ੍ਰਮਵਾਰ 297 ਅਤੇ 278 ਏ ਕਿਊ ਆਈ ਸੀ। ਸਮੀਰ ਐਪ ਦੇ ਅੰਕੜਿਆਂ ਅਨੁਸਾਰ ਦਿੱਲੀ ਦਾ ਸਮੁੱਚਾ ਏ ਕਿਊ ਆਈ 309 ਰਿਹਾ। ਦੂਜੇ ਪਾਸੇ ਸ੍ਰੀ ਅਰਬਿੰਦੋ ਮਾਰਗ, ਏ ਕਿਊ ਆਈ 152 (ਮੱਧਮ ਸ਼੍ਰੇਣੀ) ਨਾਲ ਸ਼ਹਿਰ ਦਾ ਸਭ ਤੋਂ ਸ਼ੁਧ ਹਵਾ ਵਾਲਾ ਖੇਤਰ ਰਿਹਾ। ਦਿੱਲੀ ਦੇ ਵਿਕਾਸ ਸਦਨ ਵਿੱਚ ਸਵੇਰੇ 7 ਵਜੇ ਤੱਕ ਹਵਾ ਗੁਣਵੱਤਾ ਸੂਚਕਾ ਅੰਕ (ਏ ਕਿਊ ਆਈ) 314, ਗਾਜ਼ੀਆਬਾਦ ਵਿੱਚ 334 ਦਰਜ ਕੀਤਾ ਗਿਆ ਜਦੋਂ ਕਿ ਲੋਨੀ ਨਿਗਰਾਨੀ ਸਟੇਸ਼ਨ ’ਤੇ 420 ਸੀ। ਗ੍ਰੇਟਰ ਨੋਇਡਾ ਅਤੇ ਨੋਇਡਾ ਵਿੱਚ ਏ ਕਿਊ ਆਈ ਕ੍ਰਮਵਾਰ 339 ਅਤੇ 342 ਦਰਜ ਕੀਤਾ ਗਿਆ।

