ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਸਦ ਮੈਂਬਰਾਂ ਦੇ ਫਲੈਟਾਂ ਬਾਰੇ ਸਿਆਸਤ ਭਖੀ

‘ਆਪ’ ਨੇ ਭਾਜਪਾ ’ਤੇ ਚੁੱਕੇ ਸਵਾਲ; ਛੇ ਮਹੀਨਿਆਂ ’ਚ ਦਿੱਲੀ ਨੂੰ ਤਬਾਹ ਕਰਨ ਦਾ ਦੋਸ਼
Advertisement

ਆਮ ਆਦਮੀ ਪਾਰਟੀ (ਆਪ) ਨੇ ਬੀਤੇ ਦਿਨ ਸੰਸਦ ਮੈਂਬਰਾਂ ਦੇ ਫਲੈਟਾਂ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ’ਤੇ ਕੌਮੀ ਰਾਜਧਾਨੀ ਨੂੰ ਬਰਬਾਦ ਕਰਨ ਦਾ ਦੋਸ਼ ਲਾਉਂਦਿਆਂ ਤਿੱਖਾ ਹਮਲਾ ਬੋਲਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘ਸਿਰਫ਼ ਛੇ ਮਹੀਨਿਆਂ ਵਿੱਚ ਭਾਜਪਾ ਨੇ ਦਿੱਲੀ ਵਿੱਚ ਸਭ ਕੁਝ ਤਬਾਹ ਕਰ ਦਿੱਤਾ ਹੈ।’ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਾਕੇਤ ਗੋਖਲੇ ਦੀ ਉਸ ਪੋਸਟ ਨੂੰ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਭਾਜਪਾ ਸਰਕਾਰ ਦੇ ਅਧੀਨ ਦਿੱਲੀ ਦੀ ‘ਮੰਦਭਾਗੀ ਸਥਿਤੀ’ ’ਤੇ ਚਿੰਤਾ ਜਤਾਈ ਸੀ। ਸਾਕੇਤ ਗੋਖਲੇ ਨੇ ਆਪਣੀ ਪੋਸਟ ਵਿੱਚ ਦੋਸ਼ ਲਾਇਆ, ‘ਪੰਜ ਮਿੰਟ ਦੀ ਦੂਰੀ ’ਤੇ ਤਿੰਨ ਅੱਗ ਬੁਝਾਊ ਕੇਂਦਰ ਹਨ। ਜਦੋਂ ਇਮਾਰਤ ਦੇ ਕਰਮਚਾਰੀਆਂ ਨੇ ਫੋਨ ਕੀਤਾ ਤਾਂ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਮੈਂ ਫਿਰ ਨਿੱਜੀ ਤੌਰ ’ਤੇ ਦੁਪਹਿਰ 1:22 ਵਜੇ ਅੱਗ ਬੁਝਾਊ ਵਿਭਾਗ ਨੂੰ ਫੋਨ ਕੀਤਾ ਅਤੇ ਪਹਿਲੀ ਅੱਗ ਬੁਝਾਉਣ ਵਾਲੀ ਗੱਡੀ 25 ਮਿੰਟ ਬਾਅਦ ਪਹੁੰਚੀ। ਇਮਾਰਤ ਦੇ ਅੱਗ ਬੁਝਾਊ ਪ੍ਰਬੰਧ ਵਿੱਚ ਪਾਣੀ ਨਹੀਂ ਸੀ। ਅੱਗ ਲੱਗਣ ਦੀ ਸੂਚਨਾ ਦੇਣ ਵਾਲਾ ਯੰਤਰ ਖਰਾਬ ਸੀ। ਅੰਤ ਵਿੱਚ ਲੋਕਾਂ ਨੂੰ ਭਿਆਨਕ ਅੱਗ ਦੀਆਂ ਲਪਟਾਂ ਵਿੱਚੋਂ ਬਾਹਰ ਕੱਢਿਆ ਗਿਆ।’ ਉਨ੍ਹਾਂ ਦੋਸ਼ ਲਾਇਆ ਕਿ ਐਂਬੂਲੈਂਸਾਂ ਇੱਕ ਘੰਟੇ ਬਾਅਦ ਪਹੁੰਚੀਆਂ ਅਤੇ ਉਨ੍ਹਾਂ ਵਿੱਚੋਂ ਕਿਸੇ ਕੋਲ ਮੁੱਢਲੀ ਸਹਾਇਤਾ ਦਾ ਬਕਸਾ ਤੱਕ ਨਹੀਂ ਸੀ। ਉਨ੍ਹਾਂ ਸਵਾਲ ਕੀਤਾ, ‘ਜੇ ਸੰਸਦ ਨੇੜੇ ਲੱਗੀ ਅੱਗ ’ਤੇ ਕਾਰਵਾਈ ਕਰਨ ਲਈ ਅੱਗ ਬੁਝਾਊ ਦਸਤੇ ਨੂੰ 25 ਮਿੰਟ ਲੱਗ ਜਾਂਦੇ ਹਨ, ਤਾਂ ਦਿੱਲੀ ਦੇ ਦੂਜੇ ਹਿੱਸਿਆਂ ਵਿੱਚ ਕੀ ਹਾਲਤ ਹੋਵੇਗੀ? ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਆਪਣੀ ਸਰਕਾਰ ਦੀ ਇਸ ਤਰਸਯੋਗ ਹਾਲਤ ਲਈ ਜਵਾਬ ਦੇਣਾ ਪਵੇਗਾ।’ ਸ਼ਨਿਚਰਵਾਰ ਨੂੰ ਜਾਰੀ ਬਿਆਨ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਅੱਗ ਨੂੰ ਦੁਪਹਿਰ 1:45 ਵਜੇ ਤੱਕ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ ਸੀ।

ਭਾਜਪਾ ਦੇ ਵਿਕਾਸ ਦੇ ਦਾਅਵਿਆਂ ਪੋਲ ਖੁੱਲ੍ਹੀ: ਸਿਸੋਦੀਆ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਵੀ ਭਾਜਪਾ ਸ਼ਾਸਨ ’ਤੇ ਹਮਲਾ ਕਰਦਿਆਂ ਕਿਹਾ, ‘ਸਿਰਫ਼ ਛੇ ਮਹੀਨਿਆਂ ਵਿੱਚ ਭਾਜਪਾ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ!

Advertisement

ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਭਾਜਪਾ ਹੁਣ ਦਿੱਲੀ ਨੂੰ ਸੰਭਾਲਣ ਵਿੱਚ ਵੀ ਜੂਝ ਰਹੀ ਹੈ। ਜੇ ਇਹ ਰਾਜ ਸਭਾ ਦੇ ਸੰਸਦ ਮੈਂਬਰਾਂ ਦੀ ਰਿਹਾਇਸ਼ ਦੀ ਹਾਲਤ ਹੈ, ਤਾਂ ਸੋਚੋ ਆਮ ਲੋਕ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਦੇ ਹੋਣਗੇ।’

Advertisement
Show comments