ਸੇਵਾਦਾਰ ਹੱਤਿਆ ਮਾਮਲੇ ’ਤੇ ਸਿਆਸਤ ਭਖੀ
ਦਿੱਲੀ ਦੇ ਕਾਲਕਾਜੀ ਮੰਦਰ ਵਿੱਚ ਇੱਕ ਸੇਵਾਦਾਰ ਦੀ ਹੱਤਿਆ ਮਾਮਲੇ ਕਾਰਨ ਸਿਆਸਤ ਭਖਣ ਲੱਗੀ ਹੈ। ਅਰਵਿੰਦ ਕੇਜਰੀਵਾਲ ਨੇ ਭਾਜਪਾ ਸਰਕਾਰ ’ਤੇ ਸ਼ਬਦੀ ਹਮਲਾ ਕਰਦਿਆਂ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ, “ਕੀ ਦਿੱਲੀ ਵਿੱਚ ਕੋਈ ਸੁਰੱਖਿਅਤ ਹੈ ਜਾਂ ਨਹੀਂ।” ਕੇਜਰੀਵਾਲ ਨੇ ਕਿਹਾ ਕਿ ਮੰਦਰ ਵਿੱਚ ਪ੍ਰਸ਼ਾਦ ਨੂੰ ਲੈ ਕੇ ਹੋਏ ਝਗੜੇ ਦੌਰਾਨ ਦਰਸ਼ਨ ਕਰਨ ਆਏ ਲੋਕਾਂ ਨੇ ਇੱਕ ਸੇਵਾਦਾਰ ਨੂੰ ਡੰਡਿਆਂ ਨਾਲ ਕੁੱਟ ਕੇ ਮਾਰ ਦਿੱਤਾ। ਕੇਜਰੀਵਾਲ ਨੇ ਐਕਸ ’ਤੇ ਇੱਕ ਪੋਸਟ ਕਰ ਲਿਖਿਆ, “ਕੀ ਕਾਲਕਾਜੀ ਮੰਦਰ ਦੇ ਅੰਦਰ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਪਹਿਲਾਂ ਇਨ੍ਹਾਂ ਬਦਮਾਸ਼ਾਂ ਦੇ ਹੱਥ ਨਹੀਂ ਸੀ ਕੰਬਦੇ? ਜੇਕਰ ਇਹ ਕਾਨੂੰਨ ਵਿਵਸਥਾ ਦੀ ਨਾਕਾਮੀ ਨਹੀਂ ਹੈ, ਤਾਂ ਹੋਰ ਕੀ ਹੈ? ਭਾਜਪਾ ਦੇ ਚਾਰ ਇੰਜਣਾਂ ਨੇ ਦਿੱਲੀ ਨੂੰ ਅਜਿਹਾ ਬਣਾ ਦਿੱਤਾ ਹੈ ਕਿ ਹੁਣ ਮੰਦਰਾਂ ਵਿੱਚ ਵੀ ਲੋਕ ਸੁਰੱਖਿਅਤ ਨਹੀਂ ਹਨ। ਦੱਸਣਯੋਗ ਹੈ ਕਿ ਕਾਲਕਾਜੀ ਮੰਦਰ ਵਿੱਚ ਇੱਕ ਸੇਵਾਦਾਰ ਦੀ ਕੁੱਟਮਾਰ ਕਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਰਸ਼ਨ ਲਈ ਆਏ ਲੋਕਾਂ ਨੇ ਇੱਕ ਸੇਵਾਦਾਰ ’ਤੇ ਡੰਡਿਆਂ ਅਤੇ ਮੁੱਕਿਆਂ ਨਾਲ ਹਮਲਾ ਕਰ ਕੇ ਉਸਦੀ ਹੱਤਿਆ ਕਰ ਦਿੱਤੀ। ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਚੁਨਰੀ ਪ੍ਰਸਾਦ ਨੂੰ ਲੈ ਕੇ ਉਨ੍ਹਾਂ ਵਿਚਕਾਰ ਬਹਿਸ ਹੋਈ ਸੀ। ਇੱਕ ਮੁਲਜ਼ਮ ਨੂੰ ਸਥਾਨਕ ਲੋਕਾਂ ਨੇ ਮੌਕੇ ’ਤੇ ਹੀ ਫੜ ਲਿਆ। ਇਸ ਦੌਰਾਨ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਇਸ ਮਗਰੋਂ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਦੂਜੇ ਮੁਲਜ਼ਮ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।