‘ਆਪ’ ਤੇ ਕਾਂਗਰਸ ਵੱਲੋਂ ਵੋਟ ਚੋਰੀ ਵਿਰੁੱਧ ਸਿਆਸੀ ਹੱਲਾ
ਆਮ ਆਦਮੀ ਪਾਰਟੀ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਚੋਣ ਕਮਿਸ਼ਨ ਖ਼ਿਲਾਫ਼ ਵਿਰੋਧ ਕੀਤਾ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਆਦਰਸ਼ ਨਗਰ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਭਾਜਪਾ ਵੋਟ ਚੋਰੀ ਵਿਰੁੱਧ ਦਸਤਖ਼ਤ ਮੁਹਿੰਮ ਵਿੱਚ ਅੱਜ ਸੈਂਕੜੇ ਕਾਂਗਰਸੀ ਵਰਕਰ, ਆਗੂ ਅਤੇ ਜਨਤਾ ਮੌਜੂਦ ਸੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਸੱਤਾ ਵਿੱਚ ਬਣੇ ਰਹਿਣ ਲਈ ਵੋਟਾਂ ਚੋਰੀ ਕਰਕੇ ਦੇਸ਼ ਨੂੰ ਕਮਜ਼ੋਰ ਕਰਨ ਦੀ ਰਚੀ ਗਈ ਸਾਜ਼ਿਸ਼ ਨੂੰ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਕੀਤਾ। ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਇੱਕ ਖੁੱਲ੍ਹੇ ਮੰਚ ’ਤੇ ਭਾਜਪਾ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਹੋਈ ਵੋਟ ਚੋਰੀ ਦਾ ਪਰਦਾਫਾਸ਼ ਕੀਤਾ। ਰਾਹੁਲ ਨੇ ਖੁਲਾਸਾ ਕੀਤਾ ਕਿ ਇੱਕ ਘਰ ਵਿੱਚ 140-160 ਵੋਟਾਂ ਹਨ। ਇੱਕ ਨਾਗਰਿਕ ਕੋਲ ਇੱਕ ਵਿਧਾਨ ਸਭਾ ਹਲਕੇ ਵਿੱਚ ਚਾਰ ਵੋਟਾਂ ਹਨ, ਅਤੇ ਇੰਨਾ ਹੀ ਨਹੀਂ, ਉਨ੍ਹਾਂ ਕੋਲ ਦੂਜੇ ਵਿਧਾਨ ਸਭਾ ਹਲਕੇ ਵਿੱਚ ਵੀ ਇੱਕ ਵੋਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਿੱਧੀ ਤਰ੍ਹਾਂ ਲੋਕਤੰਤਰੀ ਦੇਸ਼ ਦੇ ਸੰਵਿਧਾਨ ਦੀ ਹੋਂਦ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਔਸਤ ਵੋਟਰ ਆਪਣੀ ਵੋਟ ਪਾਉਣ ਲਈ ਆਪਣੇ ਘਰੋਂ ਨਿਕਲਦਾ ਹੈ, ਪਰ ਪੋਲਿੰਗ ਸਟੇਸ਼ਨ ’ਤੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਵੋਟ ਰੱਦ ਕਰ ਦਿੱਤੀ ਗਈ ਹੈ, ਜਾਂ ਪਹਿਲਾਂ ਹੀ ਪਾਈ ਜਾ ਚੁੱਕੀ ਹੈ, ਜਾਂ ਕਿਸੇ ਹੋਰ ਪੋਲਿੰਗ ਸਟੇਸ਼ਨ ਵਿੱਚ ਤਬਦੀਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦਸਤਖ਼ਤ ਮੁਹਿੰਮ ਦੇ ਨਾਲ-ਨਾਲ, ਕਾਂਗਰਸੀ ਵਰਕਰ ਦਿੱਲੀ ਦੇ ਹਰ ਘਰ ਤੱਕ ਪਹੁੰਚ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀਆਂ ਵੋਟਾਂ ਚੋਰੀ ਹੋਣ ਤੋਂ ਰੋਕਣ ਲਈ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਮੋਦੀ ਲਈ ਗਿਆਨੇਸ਼ ਕੁਮਾਰ ਨੇ ਤਿਆਰ ਕੀਤੇ ਜਾਅਲੀ ਵੋਟਰ: ਸੰਜੈ ਸਿੰਘ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਐਕਸ ਉੱਪਰ ਚੋਣ ਕਮਿਸ਼ਨ ਨੂੰ ਨਿਸ਼ਾਨੇ ’ਤੇ ਲਿਆ। ਸੰਜੈ ਸਿੰਘ ਨੇ ਐਕਸ ’ਤੇ ਲਿਖਿਆ, “ਗਿਆਨੇਸ਼ ਕੁਮਾਰ ਨੇ ਮੋਦੀ ਲਈ ਪੰਜ ਲੱਖ ਜਾਅਲੀ ਵੋਟਰ ਅਤੇ ਇੱਕ ਲੱਖ ਏ, ਬੀ, ਜੀ, ਡੀ, ਯਾਨੀ ਬਿਨਾਂ ਨਾਂ ਵਾਲੇ ਵੋਟਰ ਤਿਆਰ ਕੀਤੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਇਸ ਖਿਲਾਫ਼ ਆਵਾਜ਼ ਉਠਾਉਣ ਲਈ ਵਿਰੋਧੀ ਪਾਰਟੀਆਂ ਸਖ਼ਤ ਮਿਹਨਤ ਕਰਨਗੀਆਂ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਤਾਉਣ ਦੀ ਪੂਰੀ ਤਿਆਰੀ ਕਰ ਲਈ ਹੈ।