ਪੁਲੀਸ ਮੁਲਾਜ਼ਮਾਂ ਨੂੰ ਸੇਵਾਮੁਕਤੀ ’ਤੇ ਮਿਲੇਗਾ ਆਨਰੇਰੀ ਰੈਂਕ
ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਦਿੱਲੀ ਪੁਲੀਸ ਦੇ 88,000 ਤੋਂ ਵੱਧ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਅਹਿਮ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਹੁਣ ਪੁਲੀਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸੇਵਾਮੁਕਤੀ ਵਾਲੇ ਦਿਨ ਮੌਜੂਦਾ ਅਹੁਦੇ ਤੋਂ ਇੱਕ ਦਰਜਾ ਉੱਚਾ ‘ਆਨਰੇਰੀ ਰੈਂਕ’ ਦਿੱਤਾ ਜਾਵੇਗਾ। ਹਾਲਾਂਕਿ ਇਸ ਤਰੱਕੀ ਨਾਲ ਮੁਲਾਜ਼ਮਾਂ ਨੂੰ ਕੋਈ ਵਿੱਤੀ ਲਾਭ ਜਾਂ ਪੈਨਸ਼ਨ ਵਿੱਚ ਵਾਧਾ ਨਹੀਂ ਮਿਲੇਗਾ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਸਹੂਲਤ ਗੈਰ-ਗਜ਼ਟਿਡ ਰੈਂਕ ਦੇ ਉਨ੍ਹਾਂ ਮੁਲਾਜ਼ਮਾਂ ਲਈ ਹੈ, ਜਿਨ੍ਹਾਂ ਨੇ ਆਪਣੇ ਮੌਜੂਦਾ ਰੈਂਕ ਵਿੱਚ ਦੋ ਸਾਲ ਪੂਰੇ ਕਰ ਲਏ ਹੋਣ। ਇਸ ਦੇ ਨਾਲ ਹੀ ਲਾਭਪਾਤਰੀ ਦੀ ਪਿਛਲੇ ਪੰਜ ਸਾਲਾਂ ਦੀ ਸਾਲਾਨਾ ਕਾਰਗੁਜ਼ਾਰੀ ਮੁੱਲਾਂਕਣ ਰਿਪੋਰਟ (ਏ ਪੀ ਏ ਆਰ) ਵਧੀਆ ਹੋਣੀ ਚਾਹੀਦੀ ਹੈ ਅਤੇ ਸੇਵਾ ਦੌਰਾਨ ਉਸ ਨੂੰ ਕੋਈ ਵੱਡੀ ਸਜ਼ਾ ਨਾ ਮਿਲੀ ਹੋਵੇ। ਨਵੇਂ ਨਿਯਮਾਂ ਤਹਿਤ ਸੇਵਾਮੁਕਤੀ ਮੌਕੇ ਸਬ-ਇੰਸਪੈਕਟਰ ਨੂੰ ਇੰਸਪੈਕਟਰ, ਸਹਾਇਕ ਸਬ-ਇੰਸਪੈਕਟਰ (ਏ ਐੱਸ ਆਈ) ਨੂੰ ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਨੂੰ ਏ ਐੱਸ ਆਈ ਅਤੇ ਕਾਂਸਟੇਬਲ ਨੂੰ ਹੈੱਡ ਕਾਂਸਟੇਬਲ ਦਾ ਆਨਰੇਰੀ ਰੈਂਕ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਇਸੇ ਸਾਲ ਮਈ ਵਿੱਚ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀ ਏ ਪੀ ਐੱਫ) ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਲਈ ਵੀ ਬਿਨਾਂ ਵਿੱਤੀ ਲਾਭ ਦੇ ਅਜਿਹੀ ਹੀ ਸਹੂਲਤ ਲਾਗੂ ਕੀਤੀ ਸੀ। ਇਸ ਮਗਰੋਂ ਦਿੱਲੀ ਪੁਲੀਸ ਨੇ ਉਪ ਰਾਜਪਾਲ ਕੋਲ ਇਹ ਤਜਵੀਜ਼ ਭੇਜੀ ਸੀ।
