ਨਿੱਕੀ ਕਤਲ ਕੇਸ ਵਿੱਚ ਪੁਲੀਸ ਵੱਲੋਂ ਚੌਥੀ ਗ੍ਰਿਫ਼ਤਾਰੀ, ਭਣੋਈਆ ਤੇ ਸਹੁਰਾ ਕਾਬੂ
ਗਰੇਟਰ ਨੋਇਡਾ ਵਿੱਚ ਕਥਿਤ ਤੌਰ ’ਤੇ ਦਾਜ ਦੀ ਮੰਗ ਨੂੰ ਲੈ ਕੇ ਜ਼ਿੰਦਾ ਸਾੜ ਦਿੱਤੀ ਗਈ ਨਿੱਕੀ ਭਾਟੀ ਦੇ ਸਹੁਰੇ ਅਤੇ ਭਣੋਈਏ ਨੂੰ ਪੁਲੀਸ ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਸਤਵੀਰ ਭਾਟੀ (55) ਅਤੇ ਰੋਹਿਤ ਭਾਟੀ (28) ਨੂੰ ਕਸਨਾ ਪੁਲੀਸ ਨੇ ਸਿਰਸਾ ਟੋਲ ਚੌਰਾਹਾ ਨੇੜੇ ਇੱਕ ਸੂਚਨਾ ਅਤੇ ਮੈਨੂਅਲ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਦੋਵਾਂ ਨੂੰ ਕੁਝ ਸਮੇਂ ਦੇ ਫ਼ਰਕ ਨਾਲ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿੱਕੀ ਦੇ ਪਤੀ ਵਿਪਿਨ ਭਾਟੀ, ਭਰਾ ਰੋਹਿਤ, ਮਾਂ ਅਤੇ ਪਿਤਾ ਨੂੰ ਐੱਫ਼ਆਈਆਰ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਦਿਆਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਚਾਰਾਂ ਖ਼ਿਲਾਫ਼ 22 ਅਗਸਤ ਨੂੰ ਕਸਨਾ ਪੁਲੀਸ ਸਟੇਸ਼ਨ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1) (ਕਤਲ), 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), ਅਤੇ 61(2) (ਉਮਰ ਕੈਦ ਜਾਂ ਹੋਰਾਂ ਨਾਲ ਸਜ਼ਾਯੋਗ ਅਪਰਾਧ ਕਰਨ ਦੀ ਕੋਸ਼ਿਸ਼) ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਕਿਹਾ ਕਿ ਰੋਹਿਤ ਇਸ ਘਟਨਾ ਤੋਂ ਬਾਅਦ ਫ਼ਰਾਰ ਸੀ।
ਨਿੱਕੀ ਨੂੰ ਕਥਿਤ ਤੌਰ 'ਤੇ ਉਸ ਦੇ ਪਤੀ ਵਿਪਿਨ ਭਾਟੀ ਅਤੇ ਸਹੁਰਿਆਂ ਨੇ ਵੀਰਵਾਰ ਰਾਤ ਨੂੰ ਗਰੇਟਰ ਨੋਇਡਾ ਦੇ ਸਿਰਸਾ ਪਿੰਡ ਵਿੱਚ ਆਪਣੇ ਘਰ ਵਿੱਚ ਕੁੱਟਿਆ ਅਤੇ ਫਿਰ ਅੱਗ ਲਗਾ ਦਿੱਤੀ। ਨਿੱਕੀ ਦੀ ਵੱਡੀ ਭੈਣ ਕੰਚਨ, ਜਿਸ ਦਾ ਵਿਆਹ ਵੀ ਉਸੇ ਪਰਿਵਾਰ ਵਿੱਚ ਹੋਇਆ ਹੈ, ਵੱਲੋਂ ਰਿਕਾਰਡ ਕੀਤੀ ਗਈ ਇਸ ਹਮਲੇ ਦੀਆਂ ਪਰੇਸ਼ਾਨ ਕਰਨ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਵਾਇਰਲ ਹੋਈਆਂ। ਇੱਕ ਕਲਿੱਪ ਵਿੱਚ ਨਿੱਕੀ ਨੂੰ ਉਸ ਦੇ ਵਾਲਾਂ ਤੋਂ ਘੜੀਸਦਿਆਂ ਦਿਖਾਇਆ ਗਿਆ ਹੈ, ਜਦੋਂ ਕਿ ਦੂਜੀ ਵਿੱਚ ਉਸ ਨੂੰ ਅੱਗ ਦੀਆਂ ਲਪਟਾਂ ਵਿੱਚ ਪੌੜੀਆਂ ਤੋਂ ਹੇਠਾਂ ਉਤਰਦਿਆਂ ਅਤੇ ਫਿਰ ਡਿੱਗਦਿਆਂ ਦਿਖਾਇਆ ਗਿਆ ਹੈ।
ਵਿਪਿਨ ਭਾਟੀ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਐਤਵਾਰ ਨੂੰ ਪੁਲੀਸ ਹਿਰਾਸਤ ਤੋਂ ਭੱਜਣ ਦੀ ਕਥਿਤ ਕੋਸ਼ਿਸ਼ ਦੌਰਾਨ ਉਸ ਦੀ ਲੱਤ ਵਿੱਚ ਗੋਲੀ ਲੱਗੀ। ਉਸ ਦੀ ਮਾਂ ਦਇਆ (55) ਨੂੰ ਵੀ ਉਸੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਕਿਹਾ ਕਿ ਵਿਪਿਨ ਨੇ ਇੱਕ ਸਬ-ਇੰਸਪੈਕਟਰ ਦੀ ਬੰਦੂਕ ਖੋਹ ਲਈ ਸੀ ਅਤੇ ਸਬੂਤ ਬਰਾਮਦ ਕਰਨ ਲਈ ਲਿਜਾਏ ਜਾਣ ਦੌਰਾਨ ਅਫ਼ਸਰਾਂ ’ਤੇ ਗੋਲੀ ਚਲਾਈ ਸੀ, ਜਿਸ ਤੋਂ ਬਾਅਦ ਪੁਲੀਸ ਨੂੰ ਜਵਾਬੀ ਕਾਰਵਾਈ ਕਰਨੀ ਪਈ।
ਇਸ ਮਾਮਲੇ ਸਬੰਧੀ ਨਿੱਕੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ 2016 ਵਿੱਚ ਉਸ ਦੇ ਵਿਆਹ ਤੋਂ ਬਾਅਦ ਉਸ ਨੂੰ ਕਈ ਸਾਲਾਂ ਤੱਕ ਤਸੀਹੇ ਦਿੱਤੇ ਗਏ ਅਤੇ ਦਾਜ ਦੀਆਂ ਮੰਗਾਂ ਵਧਦੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਉਸ ਦੇ ਸਹੁਰਿਆਂ ਨੂੰ ਇੱਕ ਸਕਾਰਪੀਓ ਐੱਸਯੂਵੀ, ਇੱਕ ਮੋਟਰਸਾਈਕਲ ਅਤੇ ਸੋਨੇ ਦੇ ਗਹਿਣੇ ਦੇ ਚੁੱਕੇ ਹਨ, ਪਰ ਬਾਅਦ ਵਿੱਚ ਮੰਗਾਂ ਵਧ ਕੇ 36 ਲੱਖ ਰੁਪਏ ਨਕਦ ਅਤੇ ਇੱਕ ਲਗਜ਼ਰੀ ਕਾਰ ਤੱਕ ਪਹੁੰਚ ਗਈਆਂ ਸਨ।
ਉਸ ਦੀ ਵੱਡੀ ਭੈਣ ਕੰਚਨ, ਜਿਸ ਦਾ ਵਿਆਹ ਉਸੇ ਪਰਿਵਾਰ ਵਿੱਚ ਹੋਇਆ ਹੈ ਅਤੇ ਜਿਸ ਨੇ ਇਹ ਘਟਨਾ ਦੇਖੀ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿੱਕੀ 'ਤੇ ਉਸ ਦੇ ਨਾਬਾਲਗ ਬੱਚੇ ਦੇ ਸਾਹਮਣੇ ਹਮਲਾ ਕੀਤਾ ਗਿਆ ਸੀ। ਉਸ ਨੇ ਪੁਲੀਸ ਨੂੰ ਇਹ ਵੀ ਦੱਸਿਆ ਕਿ ਨਿੱਕੀ 'ਤੇ ਕਥਿਤ ਤੌਰ 'ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਗਾ ਦਿੱਤੀ ਗਈ ਸੀ। -ਪੀਟੀਆਈ