ਦਿੱਲੀ ਪੁਲੀਸ ਨੇ ਝਾਰਖੰਡ ਦੇ ਜਾਮਤਾਰਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਉਮੇਸ਼ ਕੁਮਾਰ ਵਜੋਂ ਹੋਈ ਹੈ। ਉਹ ਲੋਕਾਂ ਨਾਲ ਆਨਲਾਈਨ ਠੱਗੀ ਮਾਰਨ ਲਈ ਮੋਬਾਈਲ ਐਪਲੀਕੇਸ਼ਨ ਤਿਆਰ ਕਰਦਾ ਸੀ ਅਤੇ ਅੱਗੇ ਸਪਲਾਈ ਕਰਦਾ ਸੀ। ਪੁਲੀਸ ਨੇ ਤਕਨੀਕੀ ਜਾਂਚ ਤੋਂ ਬਾਅਦ ਉਸ ਨੂੰ 5 ਦਸੰਬਰ ਨੂੰ ਦਿਓਘਰ ਤੋਂ ਕਾਬੂ ਕੀਤਾ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਫ ਪੁਲੀਸ (ਸੈਂਟਰਲ) ਨਿਧਿਨ ਵਾਲਸਨ ਨੇ ਦੱਸਿਆ ਕਿ ਮਿੰਟੋ ਰੋਡ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਸਾਈਬਰ ਠੱਗੀ ਰਾਹੀਂ 1.2 ਲੱਖ ਰੁਪਏ ਦੀ ਧੋਖਾਧੜੀ ਹੋਈ ਸੀ। ਪੀੜਤ ਨੂੰ 29 ਜੁਲਾਈ ਨੂੰ ਇੱਕ ਫੋਨ ਆਇਆ ਸੀ, ਜਿਸ ਵਿੱਚ ਠੱਗ ਨੇ ਖੁਦ ਨੂੰ ਬਿਜਲੀ ਵਿਭਾਗ ਦਾ ਅਧਿਕਾਰੀ ਦੱਸਦਿਆਂ ਚਿਤਾਵਨੀ ਦਿੱਤੀ ਸੀ ਕਿ ਜੇ ਬਿੱਲ ਨਾ ਭਰਿਆ ਤਾਂ ਮੀਟਰ ਕੱਟ ਦਿੱਤਾ ਜਾਵੇਗਾ। ਮੁਲਜ਼ਮ ਨੇ ਪੀੜਤ ਨੂੰ ‘ਕਸਟਮਰ ਸਪੋਰਟ’ ਨਾਂ ਦੀ ਇੱਕ ਫਾਈਲ ਇੰਸਟਾਲ ਕਰਵਾਈ, ਜਿਸ ਰਾਹੀਂ ਉਸ ਦੇ ਫੋਨ ਦਾ ਕੰਟਰੋਲ ਲੈ ਕੇ ਪੈਸੇ ਟਰਾਂਸਫਰ ਕਰ ਲਏ ਗਏ।
ਜਾਂਚ ਦੌਰਾਨ ਪੁਲੀਸ ਨੇ ਆਈ ਪੀ ਲੌਗ, ਡਿਜੀਟਲ ਮਨੀ ਟ੍ਰੇਲ ਅਤੇ ਐਪ ਦੇ ‘ਬੈਕਐਂਡ ਸਟ੍ਰਕਚਰ’ ਦੀ ਘੋਖ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਮੇਸ਼ ਬੀ ਏ ਪਾਸ ਹੈ ਅਤੇ ਉਹ ਲਗਭਗ 15,000 ਰੁਪਏ ਵਿੱਚ ਸਾਈਬਰ ਠੱਗਾਂ ਨੂੰ ਇਹ ‘ਫੁਲੀ ਅਨਡਿਟੈਕਟਿਡ’ (ਐੱਫ ਯੂ ਡੀ) ਐਪ ਵੇਚਦਾ ਸੀ। ਉਹ ਸੁਰੱਖਿਆ ਫਿਲਟਰਾਂ ਨੂੰ ਝਕਾਨੀ ਦੇਣ ਲਈ ਐਪ ਲਗਾਤਾਰ ਅਪਡੇਟ ਵੀ ਕਰਦਾ ਰਹਿੰਦਾ ਸੀ। ਮੁਲਜ਼ਮ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (ਬੀ ਐੱਨ ਐੱਸ) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਮੁੰਬਈ ਅਤੇ ਰਾਂਚੀ ਵਿੱਚ ਧੋਖਾਧੜੀ ਦੇ ਦੋ ਕੇਸ ਦਰਜ ਹਨ। ਪੁਲੀਸ ਵੱਲੋਂ ਗਿਰੋਹ ਦੇ ਹੋਰ ਮੈਂਬਰਾਂ ਅਤੇ ਪੀੜਤਾਂ ਦੀ ਭਾਲ ਕੀਤੀ ਜਾ ਰਹੀ ਹੈ।

