ਪੀਐੱਨਬੀ ਧੋਖਾਧੜੀ ਮਾਮਲਾ: ਵਿਸ਼ੇਸ਼ ਅਦਾਲਤ ਵਲੋਂ ਮੇਹੁਲ ਚੋਕਸੀ ਨੂੰ ਝਟਕਾ
ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਧੋਖਾਧੜੀ ਮਾਮਲੇ ਦੇ ਮੁੱਖ ਮੁਲਜ਼ਮ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਝਟਕਾ ਦਿੱਤਾ ਹੈ। ਵਿਸ਼ੇਸ਼ ਅਦਾਲਤ ਨੇ ਉਸ ਨੂੰ ਆਰਥਿਕ ਅਪਰਾਧ ਲਈ ਭਗੌੜਾ (ਐਫਈਓ) ਐਲਾਨਣ ਦੀ ਕਾਰਵਾਈ ਨੂੰ ਰੱਦ ਕਰਨ ਦੀ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ।
ਮੇਹੁਲ ਨੇ ਇਸ ਸਾਲ ਅਪਰੈਲ ਵਿੱਚ ਬੈਲਜੀਅਮ ਵਿੱਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਮਾਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ ਤਾਂ ਕਿ ਉਸ ਨੂੰ ਆਰਥਿਕ ਮਾਮਲਿਆਂ ਬਾਰੇ ਭਗੌੜਾ ਐਲਾਨਣ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਅਰਜ਼ੀ ਨੂੰ ਖਾਰਜ ਕੀਤਾ ਜਾ ਸਕੇ।
ਚੋਕਸੀ ਨੇ ਦਲੀਲ ਦਿੱਤੀ ਸੀ ਕਿ ਉਹ ਇਸ ਸਮੇਂ ਭਾਰਤ ਵਿੱਚ ਲੰਬਿਤ ਮਾਮਲਿਆਂ ਲਈ ਹਿਰਾਸਤ ਵਿੱਚ ਹੈ, ਜਿਸ ਲਈ ਬੈਲਜੀਅਮ ਵਿੱਚ ਭਾਰਤੀ ਅਧਿਕਾਰੀਆਂ ਵਲੋਂ ਹਵਾਲਗੀ ਮੰਗੀ ਗਈ ਸੀ।
ਇਸ ਲਈ ਈਡੀ ਵਲੋਂ ਉਸ ਨੂੰ ਐਫਈਓ ਐਲਾਨਣ ਲਈ ਦਾਇਰ ਅਰਜ਼ੀ ਖਾਰਜ ਕਰਨ ਯੋਗ ਹੈ ਕਿਉਂਕਿ ਉਹ ਪਹਿਲਾਂ ਹੀ ਭਾਰਤ ਵਿੱਚ ਮਾਮਲਿਆਂ ਲਈ ਹਿਰਾਸਤ ਵਿੱਚ ਹੈ।
ਈਡੀ ਨੇ ਉਸ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਮੇਹੁਲ ਭਾਰਤ ਵਾਪਸ ਨਹੀਂ ਆਉਣਾ ਚਾਹੁੰਦਾ।
ਜਾਂਚ ਏਜੰਸੀ ਨੇ ਦਲੀਲ ਦਿੱਤੀ ਕਿ ਐਫਈਓ ਦੀ ਕਾਰਵਾਈ ਸਿਰਫ ਉਦੋਂ ਹੀ ਖਤਮ ਹੁੰਦੀ ਹੈ ਜਦੋਂ ਕੋਈ ਭਗੌੜਾ ਦੋਸ਼ੀ ਅਦਾਲਤੇ ਸਾਹਮਣੇ ਪੇਸ਼ ਹੁੰਦਾ ਹੈ। ਪੀਟੀਆਈ
